10 ਜਨਵਰੀ, 1942: ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਅੰਗ੍ਰੇਜ਼ ਹਕੂਮਤ ਨੇ ਗ੍ਰਿਫ਼ਤਾਰ ਕੀਤਾ

ਨਾਨਕਾਣਾ ਸਾਹਿਬ ਦੇ ਸਾਕੇ ਨੇ, ਵਿਦੇਸ਼ੀ ਅੰਗ੍ਰੇਜ਼ ਹਕੂਮਤ ਵਿਰੁੱਧ, ਜਿੱਥੇ ਆਮ ਸਿੱਖਾਂ ਵਿਚ ਰੋਸ ਪੈਦਾ ਕੀਤਾ, ਉੱਥੇ ਨੌਜਵਾਨਾਂ, ਸਾਬਕ ਗ਼ਦਰੀ ਆਗੂਆਂ ਅਤੇ ਫ਼ੌਜੀਆਂ ਵਿਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ। ਇਸ ਸਾਕੇ ਮਗਰੋਂ ਕੁਝ ਨੌਜਵਾਨ ਆਪਸ ਵਿਚ ਮਿਲੇ ਅਤੇ ਸਾਕੇ ਦੇ ਇਨ੍ਹਾਂ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦੇਣ ਦਾ ਮਤਾ ਪਾਸ ਕੀਤਾ।

ਇਸ ਮੁਹਿੰਮ ਵਿਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ (ਸਾਧੜਾ), ਕਿਸ਼ਨ ਸਿੰਘ ਗੜਰਾਜ (ਬੜਿੰਗ), ਤਾਰਾ ਸਿੰਘ (ਠੇਠਰ), ਬੇਲਾ ਸਿੰਘ (ਘੋਲੀਆ), ਤੋਤਾ ਸਿੰਘ (ਪਿਸ਼ਾਵਰ), ਨਰੈਣ ਸਿੰਘ (ਚਾਟੀਵਿੰਡ), ਵਤਨ ਸਿੰਘ (ਕਨੇਡੀਅਨ) ਸ਼ਾਮਿਲ ਸਨ। ਮਗਰੋਂ ਇਨ੍ਹਾਂ ਨਾਲ ਹੋਰ ਵੀ ਬਹੁਤ ਨੌਜਵਾਨ ਜੁੜ ਗਏ ਜਿਨ੍ਹਾਂ ਵਿਚ ਗਿਆਨੀ ਹਰਬੰਸ ਸਿੰਘ ਵਾਸੀ ਸਰਹਾਲਾ ਕਲਾਂ ਵੀ ਸਨ।

ਬਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਨ੍ਹਾਂ ਨੇ ਕਈ ਜਗਹ ’ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁਟੀ। 1922 ਤੋਂ 1924 ਤਕ ਬਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ।

ਸਭ ਤੋਂ ਅਖ਼ੀਰ ਤੇ ਫੜਿਆ ਜਾਣ ਵਾਲਾ ਹਰਬੰਸ ਸਿੰਘ ਸਰਹਾਲਾ ਕਲਾਂ ਸੀ ਜਿਸ ਨੇ ਗੁਪਤ ਰਹਿ ਕੇ ‘ਯੁਗ ਪਲਟਾਊ ਦਲ’ ਬਣਾ ਲਿਆ ਸੀ। ਉਹ 10 ਜਨਵਰੀ 1943 ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ‘ਤੇ ਕਾਲਕਾ ਗੋਲੀ ਕਾਂਡ ਅਤੇ ਕਰਤਾਰਪੁਰ ਕਤਲ ਕਾਂਡ ਸਬੰਧੀ ਮੁਕੱਦਮਾ ਚਲਾ ਕੇ ਫ਼ਾਂਸੀ ਦੀ ਸਜ਼ਾ ਸੁਣਾਈ ਗਈ; ਉਸ ਨੂੰ 3 ਅਪ੍ਰੈਲ 1944 ਦੇ ਦਿਨ ਉਸ ਨੂੰ ਫਾਂਸੀ ਦੇ ਦਿਤੀ ਗਈ।