ਮਃ ੨ ॥

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥

 ਮਹਲਾ ੨ – ਗੁਰੂ ਅੰਗਦ ਸਾਹਿਬ ਜੀ
 ਰਾਗ ਮਲਾਰ  ਅੰਗ ੧੨੯੦ (1290)

ਗੁਰੂ ਸਾਹਿਬ ਸਮਝਾਉਂਦੇ ਹਨ ਕਿ – ਦੁਨੀਆ ਦੀਆਂ ਫੋਕੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ, ਭਾਵ ਜੇਕਰ ਝੂਠੀ ਵਡਿਆਈਆਂ ਦੀ ਵਿਅਰਥਤਾ ਦੀ ਹਕੀਕਤ ਜਾਣ ਲਈ ਜਾਵੇ ਤਾਂ ਇਹਨਾਂ ਤੋਂ ਦੂਰ ਰਹਿਣਾ ਹੀ ਚੰਗਾ ਹੈ ।

ਇਹਨਾਂ ਚੰਦਰੀਆਂ ਨੇ ਮਨੁੱਖ ਤੋਂ ਆਪਣੇ ਮਾਲਕ ਦਾ ਸੱਚਾ ਨਾਮ ਤਾਂ ਭੁਲਵਾ ਦਿੱਤਾ ਹੈ, ਪਰ ਇਹਨਾਂ ਵਿਚੋਂ ਇੱਕ ਵੀ ਸਾਡੇ ਮਰਨ ਪਿਛੋਂ ਨਾਲ ਨਹੀਂ ਜਾਂਦੀ ।


10 ਫਰਵਰੀ, 1846 : ਸਭਰਾਵਾਂ ਦੀ ਜੰਗ ਦੇ ਦੂਜੇ ਦਿਨ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ

ਸਭਰਾਵਾਂ ਦੀ ਜੰਗ ਦੇ ਦੂਜੇ ਦਿਨ, 10 ਫਰਵਰੀ, 1846 ਦੀ ਸਵੇਰ ਦੇ ਹਨੇਰੇ ‘ਚ ਹੀ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਪਰ ਚੌਕਸ ਸਿੱਖ ਫੌਜ ਨੂੰ ਪਤਾ ਲੱਗ ਗਿਆ ।

ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਰੱਖੀ । ਖ਼ਾਲਸਾ ਤੋਪਖਾਨੇ ਦੇ ਜਵਾਬੀ ਗੋਲਿਆਂ ਨਾਲ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ ।

ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਮਾਰਿਆ ਗਿਆ ।

ਤਦੋਂ ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ । ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਕੌਮ ਲਈ ਸ਼ਹੀਦ ਹੋ ਗਏ ।


.