ਸਲੋਕ ਮਃ ੩ ॥

ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਬਿਹਾਗੜਾ  ਅੰਗ ੫੪੯

ਜੇ ਮਨ ਵਿਚ ਸਤਿਗੁਰੂ ਦੀ ਪ੍ਰਤੀਤ ਨਾਹ ਆਈ, ਤੇ ਸਹਿਜ ਵਿਚ ਗੁਰਬਾਣੀ ਨਾਲ ਪਿਆਰ ਨਾਹ ਲੱਗਾ, ਜੇ ਸ਼ਬਦ ਦਾ ਰਸ ਨਾਹ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤਿ-ਸਾਲਾਹ ਕਰਨ, ਨਾਮ ਜਪਣ ਤੇ ਪਾਠ ਕਰਨ ਦਾ ਕੀਹ ਲਾਭ? ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੰਸਾਰ ਵਿਚ ਜੰਮਿਆ ਹਰ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਜਿਉਂਦੇ ਜੀਅ ਹੀ ਸੱਚੇ ਗਿਆਨ-ਗੁਰੂ ਦੇ ਵਿਚ ਲੀਨ ਹੋ ਵਿਚਰਦਾ ਹੈ ।


10 ਦਸੰਬਰ, 1923 : ਚਿੱਤਰਕਾਰ ਕਿਰਪਾਲ ਸਿੰਘ ਦਾ ਜਨਮ

ਸਿੱਖ ਮਿਊਜ਼ੀਅਮਾਂ ਲਈ ਇਤਿਹਾਸਕ ਚਿੱਤਰ ਬਣਾਉਣ ਵਾਲੇ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਦਾ ਜਨਮ 10 ਦਸੰਬਰ, 1923 ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਵਿਚ ਪਿੰਡ ਵਾੜਾ ਚੈਨ ਸਿੰਘ ਵਾਲਾ ਵਿਖੇ ਸ. ਭਗਤ ਸਿੰਘ ਦੇ ਘਰ ਹੋਇਆ ।

ਪ੍ਰਿੰਸੀਪਲ ਸਤਬੀਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਕਿਰਪਾਲ ਸਿੰਘ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ‘ਸੈਂਟਰਲ ਸਿੱਖ ਮਿਊਜ਼ੀਅਮ’ ਸਥਾਪਿਤ ਕਰਨ ਦਾ ਕੰਮ ਸੌਂਪਿਆ ਗਿਆ।

1956 ਤੋਂ 1962 ਤੱਕ ਇਸੇ ਮਿਊਜ਼ੀਅਮ ਲਈ ਕਿਰਪਾਲ ਸਿੰਘ ਨੇ ਸਿੱਖ ਇਤਿਹਾਸ ਵਿਚੋਂ ਤਿੰਨ ਦਰਜਨ ਬਿਹਤਰੀਨ ਚਿੱਤਰ ਬਣਾਏ। 1963 ਤੋਂ 1967 ਤੱਕ ਦਿੱਲੀ ਵਿਚ ਗੁਰਦਵਾਰਾ ਬੰਗਲਾ ਸਾਹਿਬ ਦੇ ‘ਸ. ਬਘੇਲ ਸਿੰਘ ਮਿਊਜ਼ੀਅਮ’ ਲਈ ਕੋਈ ਦੋ ਦਰਜਨ ਚਿਤਰ ਬਣਾਏ।

ਸਾਲ 1981 ਵਿਚ ਪੰਜਾਬ ਅਰਟਸ ਕੌਂਸਲ ਵਲੋਂ ਕਿਰਪਾਲ ਸਿੰਘ ਨੂੰ ਇਕ ਉੱਚ ਕੋਟੀ ਦੇ ਚਿੱਤਰਕਾਰ ਵਜੋਂ ਸਨਮਾਨਿਆ ਗਿਆ।