ਸਲੋਕੁ ॥

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੫੦ (250)

ਆਕਾਰ-ਰਹਿਤ ਮਾਲਕ ਪਰਮਾਤਮਾ ਆਪ ਹੀ ਜਗਤ ਦਾ ਆਕਾਰ ਬਣਾਂਦਾ ਹੈ । ਉਹ ਜਗਤ-ਰਚਨਾ ਰਚ ਕੇ ਆਪ ਹੀ ਨਿਰੰਕਾਰ ਰੂਪ ਵਿਚ ਮਾਇਆ ਦੇ ਨਿਰਗੁਣ ਅਤੇ ਸਰਗੁਣ ਸੁਭਾਵਾਂ ਤੋਂ ਪਰੇ ਰਹਿੰਦਾ ਹੈ ।

ਕੁਦਤਿ ਦੇ ਨਿਯਮਾਂ ਅਨੁਸਾਰ ਇਕ ਸਰੂਪ ਤੋਂ ਅਨੇਕਾਂ ਰੂਪ ਬਣ ਜਾਂਦੇ ਹਨ, ਪਰ ਇਹ ਅਨੇਕ ਰੂਪ ਉਸ ਇੱਕ ਤੋਂ ਵੱਖਰੇ ਨਹੀਂ ਹਨ। ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ਜੋ ਕਿ ਕੁਦਰਤਿ ਵਿਚ ਸਰਬ-ਵਿਆਪਕ ਹੈ।


10 ਅਗਸਤ 1928 : ਸਰਬ-ਪਾਰਟੀ ਕਾਨਫ਼ਰੰਸ ਵਿਚ ਭਾਰਤ ਨੂੰ ਡੋਮੀਨੀਅਨ ਸਟੇਟੱਸ ਬਾਰੇ ਸਹਿਮਤੀ

ਸਰਬ-ਪਾਰਟੀ ਕਾਨਫ਼ਰੰਸ, ਸੰਮੇਲਨਾਂ ਦੀ ਇੱਕ ਲੜੀ ਸੀ ਜਿਹੜੇ 1928 ਵਿਚ ਆਯੋਜਿਤ ਹੋਏ ਅਤੇ ਜਿਨ੍ਹਾਂ ਰਾਹੀਂ ਬ੍ਰਿਟਿਸ਼ ਸਰਕਾਰ ਦੇ ਸੱਦੇ ਤੇ ਹੁੰਗਾਰੇ ਵਜੋਂ ਭਾਰਤ ਵਿਚ ਵੱਖ ਵੱਖ ਪਾਰਟੀਆਂ ਅਤੇ ਕੌਮਾਂ ਦੇ ਪ੍ਰਤੀਨਿਧੀ ਸੰਵਿਧਾਨਿਕ ਸੁਧਾਰਾਂ ਲਈ ਇਕੱਠੇ ਹੋਏ।

ਦਿੱਲੀ ਵਿਖੇ 12 ਫਰਵਰੀ, 1928 ਨੂੰ ਹੋਈ ਪਹਿਲੀ ਸਰਬ ਪਾਰਟੀ ਕਾਨਫ਼ਰੰਸ ਦੀ ਬੈਠਕ ਵਿਚ ਇਕ ਪਾਸੇ ਮੁਸਲਮਾਨਾਂ, ਦੂਸਰੇ ਪਾਸੇ ਹਿੰਦੂ ਮਹਾਂ ਸਭਾ ਅਤੇ ਤੀਜੇ ਪਾਸੇ ਸਿੱਖਾਂ ਵਿਚ ਕੁਝ ਖਾਸ ਮੁੱਦਿਆਂ ਤੇ ਮਤ-ਭੇਦ ਪੈਦਾ ਹੋ ਗਏ।

ਅਗਲੀ ਬੈਠਕ ਵਿਚ ਪੰਡਤ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਦਸ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ ਜਿਸ ਦਾ ਕਾਰਜ ਮੁਖ ਤੌਰ ਤੇ ਨਵੀਂ ਸਕੀਮ ਲਈ ਆਧਾਰ ਤਿਆਰ ਕਰਨਾ ਸੀ। ਇਸ ਕਮੇਟੀ ਵਿਚ ਸਰਦਾਰ ਮੰਗਲ ਸਿੰਘ ਸਿੱਖਾਂ ਦੇ ਪ੍ਰਤੀਨਿਧ ਵਜੋਂ ਸ਼ਾਮਿਲ ਕੀਤੇ ਗਏ। ਕਮੇਟੀ ਨੇ 10 ਅਗਸਤ 1928 ਨੂੰ ਪੂਰਨ ਸਹਿਮਤੀ ਨਾਲ ਇਕ ਰਿਪੋਰਟ ਪੇਸ਼ ਕੀਤੀ ਜੋ ਇਤਿਹਾਸ ਵਿਚ ‘ਨਹਿਰੂ ਕਮੇਟੀ’ ਵਜੋਂ ਜਾਣੀ ਜਾਂਦੀ ਹੈ।

ਇਸ ਰਿਪੋਰਟ ਵਿਚ ਭਾਰਤ ਲਈ ਡੋਮੀਨੀਅਨ ਸਟੇਟੱਸ (ਸਵੈ ਸ਼ਾਸਨ ਵਾਲਾ ਬਰਤਾਨਵੀ ਖੇਤਰ) ਦੇ ਦਰਜੇ ਦਾ ਸੁਝਾਅ ਦਿੱਤਾ ਗਿਆ; ਸ਼ਕਤੀਸ਼ਾਲੀ ਕੇਂਦਰ ਨਾਲ ਸੰਘੀ ਢਾਂਚੇ ਵਾਲੀ ਸਰਕਾਰ ਸਥਾਪਿਤ ਕਰਨ ਲਈ ਸਿਫਾਰਸ਼ ਕੀਤੀ ਗਈ; ਕੇਂਦਰ ਵਿਚ ਦੋ ਸਦਨੀ ਪਾਰਲੀਮੈਂਟ ਅਤੇ ਸੂਬਿਆਂ ਵਿਚ ਇਕ ਸਦਨ ਵਾਲੀ ਵਿਧਾਨ ਸਭਾ; ਚੋਣਾਂ ਦੀ ਵਿਵਸਥਾ ਸਾਂਝੇ ਚੋਣ ਹਲਕਿਆਂ ਅਤੇ ਬਾਲਗ ਵੋਟ ਦੇ ਆਧਾਰ ਤੇ ਰੱਖੀ ਗਈ ਪਰ ਮੁਸਲਮਾਨ ਘੱਟ ਗਿਣਤੀ ਵਾਲੇ ਸੂਬਿਆਂ ਵਿਚ ਮੁਸਲਮਾਨਾਂ ਦੀ ਅਬਾਦੀ ਦੇ ਹਿਸਾਬ ਨਾਲ ਰਾਖਵੇਂ ਹਲਕੇ ਰੱਖਣ ਦੀ ਸਿਫ਼ਾਰਸ਼ ਵੀ ਕੀਤੀ ਗਈ ਅਤੇ ਉਤਰ-ਪੱਛਮੀ ਸੀਮਾ-ਪ੍ਰਾਂਤ ਵਿਚ ਗੈਰ-ਮੁਸਲਮਾਨਾਂ ਲਈ ਵੀ ਅਜਿਹੀ ਵਿਵਸਥਾ ਰੱਖ ਲਈ ਗਈ। ਪਰੰਤੂ ਪੰਜਾਬ ਵਿਚ ਖਾਸ ਤੌਰ ਤੇ ਸਿੱਖਾਂ ਲਈ ਕੋਈ ਵੀ ਪ੍ਰਬੰਧ ਨਾ ਕੀਤਾ ਗਿਆ।

ਇਹ ਰਿਪੋਰਟ 28-31 ਅਗਸਤ, 1928 ਨੂੰ ਲਖਨਊ ਵਿਖੇ ਹੋਈ ਸਰਬ ਪਾਰਟੀ ਕਾਨਫ਼ਰੰਸ ਸਾਮ੍ਹਣੇ ਪੇਸ਼ ਕੀਤੀ ਗਈ।