ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ||ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ||ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ।।ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ।।ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ।।ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥
ਮਹਲਾ ੫ ਗੁਰੂ ਅਰਜਨ ਸਾਹਿਬ ਜੀ
ਬਸੰਤ, ੧੧੯੩
ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਿਵੇ ਪਾਣੀ ਮਿਲਣ ਨਾਲ ਰੁਖ ਨੂੰ ਹਰਿਆਵਲ ਮਿਲ ਦੀ ਹੈ |
ਨਾਮ ਜਪਣ ਵਾਸਤੇ ਮਨੁਖਾ ਜਨਮ ਦਾ ਇਹ ਸੋਹਣਾ ਸਮਾ ਆਪਣੇ ਪਹਿਲਾ ਕੀਤੇ ਕੰਮਾ ਅਨੁਸਾਰ ਪ੍ਰਭੂ ਵਲੋ ਲਿਖੇ ਬਖਸ਼ਸ਼ ਦੇ ਲੇਖ ਦੇ ਉਘੜਨ ਨਾਲ ਹੀ ਮਿਲਦਾ ਹੈ |
(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥
ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,ਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥
(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥
1 ਫਰਵਰੀ 2003 :- ਕਲਪਨਾ ਚਾਵਲਾ ਦੀ ਸ਼ਹਾਦਤ
ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਤਾਰਿਆਂ ਅਤੇ ਜਹਾਜ਼ਾਂ ਦੇ ਸੁਪਨੇ ਦੇਖਦੀ ਸੀ। ਉਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਅਤੇ ਫਿਰ ਉੱਚ ਸਿੱਖਿਆ ਲਈ ਅਮਰੀਕਾ ਚਲੀ ਗਈ।
ਸਾਲ 1994 ਵਿੱਚ ਉਸ ਦੀ ਚੋਣ ਨਾਸਾ (NASA) ਵਿੱਚ ਹੋਈ। 1997 ਵਿੱਚ ਉਸ ਨੇ ਆਪਣੀ ਪਹਿਲੀ ਪੁਲਾੜ ਯਾਤਰਾ ਕੀਤੀ, ਜਿਸ ਨਾਲ ਉਹ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।
ਉਸ ਦਾ ਦੂਜਾ ਅਤੇ ਆਖਰੀ ਮਿਸ਼ਨ 16 ਜਨਵਰੀ 2003 ਨੂੰ ਸ਼ੁਰੂ ਹੋਇਆ। 16 ਦਿਨਾਂ ਤੱਕ ਪੁਲਾੜ ਵਿੱਚ ਖੋਜ ਕਰਨ ਤੋਂ ਬਾਅਦ, ਜਦੋਂ ਉਹਨਾਂ ਦਾ ਯਾਨ ਕੋਲੰਬੀਆ (STS-107) ਵਾਪਸ ਧਰਤੀ ‘ਤੇ ਆ ਰਿਹਾ ਸੀ, ਤਾਂ 1 ਫਰਵਰੀ 2003 ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਕਲਪਨਾ ਚਾਵਲਾ ਸਮੇਤ ਸਾਰੇ 7 ਯਾਤਰੀ ਮਾਰੇ ਗਏ। ਅੱਜ ਵੀ ਉਹ ਲੱਖਾਂ ਕੁੜੀਆਂ ਲਈ ਇੱਕ ਮਹਾਨ ਪ੍ਰੇਰਨਾ ਸ੍ਰੋਤ ਹੈ।