ਬਿਲਾਵਲੁ ਮਹਲਾ ੩ ॥
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥৭।ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ||
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ||੨॥
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
ਮਹਲਾ ੩ ਗੁਰੂ ਅਮਰਦਾਸ ਜੀ
ਬਿਲਾਵਲ, ੭੯੭
ਕੋਈ ਵੀ ਗੁਰੂ ਦੀ ਸੇਵਾ-ਭਗਤੀ ਕਰਨ ਦਾ ਹੰਕਾਰ ਨਹੀ ਕਰ ਸਕਦਾ । ਜੇ ਮਾਲਕ ਪਰਮਾਤਮਾ ਤੂੰ ਸੇਵਾ-ਭਗਤੀ ਦੀ ਤਾਕਤ ਲੈ ਲਵੇਂ ਤਾਂ ਉਹ ਆਪਣੇ ਹੰਕਾਰ ਵਿਚ ਸੇਵਾ-ਭਗਤੀ ਦੀ ਗਲਾਂ ਵੀ ਨਹੀ ਕਰ ਸਕਦਾ ।
ਭਾਵ ਗੁਰਮਤਿ ਵਿਚ ਸੇਵਾ ਅਤੇ ਭਗਤੀ ਕੇਵਲ ਨਿਮਰਤਾ ਨਾਲ ਹੀ ਹੋ ਸਕਦੀ ਹੈ ।
9 ਅਕਤੂਬਰ 1992: ਸ਼ਹੀਦੀ ਦਿਵਸ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ।
ਸਿੱਖ ਇਤਿਹਾਸ ਅੰਦਰ 20ਵੀਂ ਸਦੀ ਦੇ ਸ਼ੁਰੂ ਹੋਏ ਸੰਗ੍ਰਾਮ ਦੌਰਾਨ 9 ਅਕਤੂਬਰ 1992 ਦਾ ਦਿਨ ਇੱਕ ਅਤਿਅੰਤ ਇਤਿਹਾਸਿਕ, ਨਿਰਨਾਇਕ ਅਤੇ ਸ਼ਹਾਦਤ ਨਾਲ ਭਰਪੂਰ ਦਿਹਾੜਾ ਮੰਨਿਆ ਜਾਂਦਾ ਹੈ।
ਇਸ ਦਿਨ ਸਿੱਖ ਕੌਮ ਦੇ ਦੋ ਮਹਾਨ ਯੋਧਿਆਂ—ਭਾਈ ਹਰਜਿੰਦਰ ਸਿੰਘ ‘ਜਿੰਦਾ’ ਅਤੇ ਭਾਈ ਸੁਖਦੇਵ ਸਿੰਘ ‘ਸੁੱਖਾ’—ਨੇ ਪੁਣੇ ਦੀ ਯਰਵਡਾ ਸੈਂਟਰਲ ਜੇਲ੍ਹ ਵਿੱਚ ਹੱਸਦਿਆਂ ਹੋਇਆਂ ਫਾਂਸੀ ਦੇ ਰੱਸੇ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ ਸੀ।
ਜੂਨ 1984 ਵਿੱਚ ਬ੍ਰਿਟਿਸ਼ ਅਤੇ ਹੋਰ ਵਿਦੇਸ਼ੀ ਸਲਾਹਕਾਰਾਂ ਦੀ ਮਦਦ ਨਾਲ ਭਾਰਤੀ ਫ਼ੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਗਏ ਫ਼ੌਜੀ ਹਮਲੇ ‘ਓਪਰੇਸ਼ਨ ਬਲੂ ਸਟਾਰ’ ਨੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ।
ਇਸ ਫ਼ੌਜੀ ਹਮਲੇ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕੀਤਾ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੁਲਟਾਂ ਨਾਲ ਜ਼ਖ਼ਮੀ ਹੋਏ, ਅਤੇ ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ ਦੀਆਂ ਸ਼ਹਾਦਤਾਂ ਹੋਈਆਂ।
ਇਸ ਹਮਲੇ ਸਮੇਂ ਭਾਰਤੀ ਫ਼ੌਜ ਦੇ ਮੁੱਖ ਸਰਬਰਾਹ (ਚੀਫ਼ ਆਫ਼ ਆਰਮੀ ਸਟਾਫ਼) ਜਨਰਲ ਅਰੁਣ ਕੁਮਾਰ ਵੈਦਿਆ ਸਨ, ਜਿਨ੍ਹਾਂ ਨੇ ਇਸ ਫ਼ੌਜੀ ਕਾਰਵਾਈ ਦੀ ਕਮਾਂਡ ਸੰਭਾਲੀ ਸੀ।
ਫ਼ੌਜੀ ਹਮਲੇ ਅਤੇ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਸਿੱਖ ਨੌਜਵਾਨਾਂ ਅੰਦਰ ਭਾਰੀ ਰੋਸ ਦੀ ਲਹਿਰ ਦੌੜ ਗਈ।
ਭਾਈ ਹਰਜਿੰਦਰ ਸਿੰਘ ਜਿੰਦਾ (ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਵਿੱਚ ਹੋਇਆ ਸੀ) ਅਤੇ ਭਾਈ ਸੁਖਦੇਵ ਸਿੰਘ ਸੁੱਖਾ (ਜਿਨ੍ਹਾਂ ਦਾ ਜਨਮ ਸ਼੍ਰੀ ਗੰਗਾਨਗਰ, ਰਾਜਸਥਾਨ ਵਿੱਚ ਹੋਇਆ ਸੀ) ਨੇ ਪੰਥਕ ਰਵਾਇਤਾਂ ਅਨੁਸਾਰ ਇਸ ਘਟਨਾ ਦਾ ਜਵਾਬ ਦੇਣ ਦਾ ਸੰਕਲਪ ਲਿਆ।
10 ਅਗਸਤ 1986 ਨੂੰ ਪੁਣੇ (ਮਹਾਰਾਸ਼ਟਰ) ਵਿਖੇ ਭਾਈ ਜਿੰਦਾ ਅਤੇ ਭਾਈ ਸੁੱਖਾ ਨੇ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੈਦਿਆ ਉੱਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸੋਧਿਆ ਅਤੇ ਆਪਣੇ ਬਚਨਾਂ ਨੂੰ ਪੂਰਾ ਕੀਤਾ।
ਇਸ ਘਟਨਾ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੁਆਰਾ ਦੋਹਾਂ ਸਿੰਘਾਂ ਦੀ ਭਾਲ ਵਿੱਚ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ।
ਬੁਲੰਦ ਹੌਂਸਲੇ ਅਤੇ ਅਟੱਲ ਸਿਦਕ ਵਾਲੇ ਇਹ ਦੋਵੇਂ ਯੋਧੇ ਵੱਖ-ਵੱਖ ਥਾਵਾਂ ‘ਤੇ ਗ੍ਰਿਫ਼ਤਾਰ ਹੋਏ ਅਤੇ ਇਨ੍ਹਾਂ ਉੱਤੇ ਪੁਣੇ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ।
ਅਦਾਲਤੀ ਕਾਰਵਾਈ ਦੌਰਾਨ ਦੋਹਾਂ ਸਿੰਘਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਬਚਾਅ ਕਰਨ ਦੀ ਬਜਾਏ, ਅਦਾਲਤ ਅੱਗੇ ਖੁੱਲ੍ਹ ਕੇ ਪ੍ਰਵਾਨ ਕੀਤਾ ਕਿ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਇਹ ਕਦਮ ਚੁੱਕਿਆ ਸੀ।
ਉਨ੍ਹਾਂ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਜਦੋਂ ਕਾਨੂੰਨ ਅਤੇ ਸੰਵਿਧਾਨ ਧਾਰਮਿਕ ਅਸਥਾਨਾਂ ‘ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਿੱਚ ਨਾਕਾਮ ਰਹਿਣ, ਤਾਂ ਖ਼ਾਲਸਾ ਆਪਣੇ ਇਤਿਹਾਸਿਕ ਨਿਯਮਾਂ ਅਨੁਸਾਰ ਇਨਸਾਫ਼ ਕਰਨ ਦਾ ਅਧਿਕਾਰ ਰੱਖਦਾ ਹੈ।
ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਦੋਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਪ੍ਰੰਤੂ ਸਿੰਘਾਂ ਨੇ ਅਦਾਲਤ ਦੇ ਇਸ ਫ਼ੈਸਲੇ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਸੇ ਵੀ ਤਰ੍ਹਾਂ ਦੀ ਰਹਿਮ ਦੀ ਅਪੀਲ ਦਾਇਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
9 ਅਕਤੂਬਰ 1992 ਦੀ ਤੜਕੇ ਸਵੇਰੇ ਮਹਾਰਾਸ਼ਟਰ ਦੀ ਯਰਵਡਾ ਸੈਂਟਰਲ ਜੇਲ੍ਹ (ਪੁਣੇ) ਵਿੱਚ ਦੋਹਾਂ ਸਿੱਖ ਸੂਰਮਿਆਂ ਨੂੰ ਫਾਂਸੀ ਦੇ ਤਖ਼ਤੇ ‘ਤੇ ਲਿਜਾਇਆ ਗਿਆ।
ਜੇਲ੍ਹ ਦੇ ਅਧਿਕਾਰੀਆਂ ਅਤੇ ਪ੍ਰਤੱਖਦਰਸ਼ੀਆਂ ਅਨੁਸਾਰ, ਦੋਹਾਂ ਸਿੰਘਾਂ ਦੇ ਚਿਹਰਿਆਂ ‘ਤੇ ਕੋਈ ਖ਼ੌਫ਼ ਨਹੀਂ ਸੀ, ਸਗੋਂ ਉਹ ਚੜ੍ਹਦੀ ਕਲਾ ਦੇ ਮੁਸਕਰਾਉਂਦੇ ਚਿਹਰਿਆਂ ਨਾਲ ਫਾਂਸੀ ਗਾਹ ਵੱਲ ਵਧੇ।
ਫਾਂਸੀ ਦੇ ਤਖ਼ਤੇ ‘ਤੇ ਚੜ੍ਹਦਿਆਂ ਦੋਹਾਂ ਯੋਧਿਆਂ ਨੇ ਇੱਕ-ਦੂਜੇ ਨੂੰ ਗਲਵਕੜੀ ਪਾਈ ਅਤੇ ਗੂੰਜਵੇਂ ਜੈਕਾਰੇ ਲਗਾਏ: “ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ” ਅਤੇ “ਖ਼ਾਲਿਸਤਾਨ ਜ਼ਿੰਦਾਬਾਦ”।
ਹੱਸਦਿਆਂ ਹੋਇਆਂ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਉਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਸਿੱਖ ਇਤਿਹਾਸ ਅੰਦਰ ਅਮਰ ਹੋ ਗਏ।
ਇਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਬਖ਼ਸ਼ਿਆ ਗਿਆ।
ਅੱਜ ਵੀ ਹਰ ਸਾਲ 9 ਅਕਤੂਬਰ ਨੂੰ ਸਮੁੱਚੇ ਸਿੱਖ ਜਗਤ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦੇਸ਼-ਵਿਦੇਸ਼ ਦੇ ਗੁਰਦੁਆਰਾ ਸਾਹਿਬਾਨ ਅੰਦਰ ਇਨ੍ਹਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਅਤਿਅੰਤ ਸ਼ਰਧਾ, ਸਤਿਕਾਰ ਅਤੇ ਪੰਥਕ ਲਹਾਓ ਨਾਲ ਮਨਾਇਆ ਜਾਂਦਾ ਹੈ।