ਮਃ ੫ ॥

ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੨੩ (323)

ਜੋ ਮਨੁੱਖ ਨਿਮਾਣਾ ਬਣ ਕੇ ਮਾਲਕ ਤੋਂ ਸਦਾ ਨਾਮ ਮੰਗਦਾ ਹੈ ਉਸ ਦੀ ਅਰਜੋਈ/ਬੇਨਤੀ ਮਾਲਕ ਕਬੂਲ ਕਰਦਾ ਹੈ ।

ਗੁਰੁ ਸਹਿਬ ਅਨੁਸਾਰ ਜਿਸ ਮਨੁੱਖ ਦਾ ਜਜਮਾਨ ਆਪ ਉਹ ਇਕੋ ਹੈ ਉਸ ਨੂੰ ਰਤਾ ਭੀ ਸੰਸਾਰਕ ਮਾਇਆ ਦੀ ਭੁੱਖ ਨਹੀਂ ਰਹਿੰਦੀ ।


9 ਮਈ, 1710 : ਬਹਿਲੋਲਪੁਰ ਕੋਲ ਮਾਝੇ ਦੇ ਸਿੱਖਾਂ ਅਤੇ ਮਲੇਰਕੋਟਲੇ ਦੀਆਂ ਫ਼ੌਜਾਂ ਵਿਚਕਾਰ ਜੰਗ

ਮਈ, 1710 ਦੇ ਸ਼ੁਰੂ ਵਿਚ ਮਾਝੇ ਤੋਂ ਦੋ ਹਜ਼ਾਰ ਦੇ ਕਰੀਬ ਸਿੱਖ, ਬਾਬਾ ਬੰਦਾ ਸਿੰਘ ਨਾਲ ਸ਼ਾਮਲ ਹੋਣ ਵਾਸਤੇ ਕੀਰਤਪੁਰ ਪੁੱਜ ਚੁੱਕੇ ਸਨ। ਇਹ ਸਾਰੇ ਸਿੱਖ ਉਹ ਸਨ ਜਿਹੜੇ ਪੰਥ ਵਾਸਤੇ ਜਾਨਾਂ ਵਾਰਨ ਲਈ ਘਰੋਂ ਨਿਕਲੇ ਸਨ। ਕੀਰਤਪੁਰ ਤੋਂ ਉਨ੍ਹਾਂ ਰੂਪੜ (ਹੁਣ ਰੋਪੜ) ਰਾਹੀਂ ਛੱਤ-ਬਨੂੜ ਪੁੱਜ ਕੇ ਬਾਬਾ ਬੰਦਾ ਸਿੰਘ ਨਾਲ ਰਲਣਾ ਸੀ।

ਇਸ ਦੀ ਖ਼ਬਰ ਵਜ਼ੀਰ ਖ਼ਾਨ ਨੂੰ ਮਿਲ ਚੁੱਕੀ ਸੀ। ਉਸ ਨੇ ਮਲੇਰਕੋਟਲਾ ਦੇ ਸ਼ੇਰ ਮੁਹੰਮਦ ਖ਼ਾਨ ਨੂੰ ਫ਼ੌਜ ਲਿਜਾ ਕੇ ਮਾਝੇ ਵਲੋਂ ਆ ਰਹੇ ਸਿੱਖਾਂ ਨੂੰ ਰੋਕਣ ਵਾਸਤੇ ਕੂਚ ਕਰਨ ਵਾਸਤੇ ਹਦਾਇਤਾਂ ਦਿਤੀਆਂ। ਸ਼ੇਰ ਮੁਹੰਮਦ ਖ਼ਾਨ ਅਪਣੇ ਇਕ ਭਰਾ (ਖ਼ਿਜਰ ਖ਼ਾਨ) ਅਤੇ ਭਤੀਜਿਆਂ (ਵਲੀ ਖ਼ਾਨ ਅਤੇ ਮੁਹੰਮਦ ਬਖ਼ਸ਼) ਨਾਲ ਵੱਡੀ ਫ਼ੌਜ ਲੈ ਕੇ ਰੋਪੜ ਵਲ ਚਲ ਪਿਆ।

ਉਦੋਂ ਸਤਲੁਜ ਦਰਿਆ, ਬਹਿਲੋਲਪੁਰ ਅਤੇ ਮਾਛੀਵਾੜਾ ਦੇ ਹੇਠਲੇ ਪਾਸੇ ਤੋਂ ਹੋ ਕੇ ਵਗਦਾ ਸੀ। ਸਤਲੁਜ ਦਰਿਆ ਦੇ ਕੰਢੇ, ਪਿੰਡ ਬਹਿਲੋਲਪੁਰ ਦੀ ਜੂਹ ਵਿਚ, ਸਿੱਖਾਂ ਅਤੇ ਮਲੇਰੀ ਫ਼ੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਭਾਵੇਂ ਮਲੇਰੀ ਫ਼ੌਜਾਂ ਦੀ ਗਿਣਤੀ ਵੀ ਵਧੇਰੇ ਸੀ ਅਤੇ ਉਨ੍ਹਾਂ ਕੋਲ ਹਥਿਆਰ ਵੀ ਜ਼ਿਆਦਾ ਅਤੇ ਵਧੀਆ ਸਨ ਪਰ ਸਿੱਖ ਤਾਂ ਅਪਣੇ ਗੁਰੂ ਦੇ ਨਾਂ ‘ਤੇ ਸਿਰ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਪਹਿਲੇ ਦਿਨ ਮਲੇਰੀਆਂ ਦਾ ਪਲੜਾ ਭਾਰੀ ਜਾਪਦਾ ਸੀ।

ਹਨੇਰਾ ਪੈਣ ‘ਤੇ ਲੜਾਈ ਬੰਦ ਹੋ ਗਈ। ਰਾਤ ਨੂੰ ਮਾਝੇ ਤੋਂ ਕੁੱਝ ਹੋਰ ਸਿੱਖ ਵੀ ਉਨ੍ਹਾਂ ਨਾਲ ਆ ਰਲੇ। ਸਵੇਰੇ ਪਹੁ-ਫੁਟਦਿਆਂ ਹੀ ਸਿੱਖਾਂ ਨੇ ਇਕ ਦਮ ਮਲੇਰੀਆਂ ਉਤੇ ਹਮਲਾ ਕਰ ਦਿਤਾ। ਦੋਵੇਂ ਫ਼ੌਜਾਂ ਹੁਣ ਆਹਮੋ-ਸਾਹਮਣੇ ਹੋ ਕੇ ਲੜੀਆਂ। ਗਹਿ-ਗੱਚ ਲੜਾਈ ਦੌਰਾਨ ਇਕ ਗੋਲੀ ਸ਼ੇਰ ਮੁਹੰਮਦ ਖ਼ਾਨ ਮਲੇਰੀਏ ਦੇ ਭਰਾ ਖ਼ਿਜਰ ਖ਼ਾਨ ਦੀ ਛਾਤੀ ਵਿਚ ਆ ਵੱਜੀ ਤੇ ਉਹ ਉਥੇ ਹੀ ਢੇਰ ਹੋ ਗਿਆ। ਉਸ ਦੇ ਮਰਨ ਦੇ ਨਾਲ ਹੀ ਪਠਾਣ ਫ਼ੌਜੀ ਮੈਦਾਨ ਛੱਡ ਕੇ ਭੱਜਣ ਲੱਗ ਪਏ। ਇਸ ‘ਤੇ ਸ਼ੇਰ ਮੁਹੰਮਦ ਖ਼ਾਨ ਨੇ ਲਲਕਾਰਾ ਮਾਰਿਆ ਤੇ ਉਹ ਅਤੇ ਉਸ ਦੇ ਦੋਵੇਂ ਭਤੀਜੇ ਖ਼ਿਜਰ ਖ਼ਾਨ ਦੀ ਲਾਸ਼ ਚੁੱਕਣ ਵਾਸਤੇ ਅੱਗੇ ਵਧੇ। ਸਿੱਖਾਂ ਨੇ ਇਨ੍ਹਾਂ ਉਤੇ ਵੀ ਹਮਲਾ ਕਰ ਦਿਤਾ। ਦੋਵੇਂ ਭਰਾ ਖ਼ਾਨ ਅਲੀ ਅਤੇ ਮੁਹੰਮਦ ਬਖ਼ਸ਼, ਇਸ ਹਮਲੇ ਵਿਚ ਮਾਰੇ ਗਏ। ਸ਼ੇਰ ਮੁਹੰਮਦ ਖ਼ਾਨ ਖ਼ੁਦ ਵੀ ਜ਼ਖ਼ਮੀ ਹੋ ਗਿਆ। ਇਸ ਮਗਰੋਂ ਤਾਂ ਸਾਰੀਆਂ ਪਠਾਣ ਫ਼ੌਜਾਂ ਮੈਦਾਨ ‘ਚੋਂ ਦੌੜ ਗਈਆਂ।

ਜਿੱਤ ਦੀ ਖ਼ੁਸ਼ੀ ਵਿਚ ਸਿੱਖਾਂ ਨੇ ਖ਼ੂਬ ਜੈਕਾਰੇ ਛੱਡੇ ਅਤੇ ਉਹ ਛੱਤ-ਬਨੂੜ ਵੱਲ ਚਲ ਪਏ। ਇਸ ਤੋਂ ਅਗਲੇ ਦਿਨ ਸਿੱਖਾਂ ਦੇ ਇਕ ਹੋਰ ਜੱਥੇ ਦੀ ਟੱਕਰ, ਸੰਘੋਲ ਦੇ ਨੇੜੇ ਰਾਣਵਾਂ ਪਿੰਡ ਵਿਚ, ਵਜ਼ੀਰ ਖ਼ਾਨ ਦੀ ਭੇਜੀ ਫ਼ੌਜ ਨਾਲ ਹੋ ਗਈ। ਇਥੋਂ ਵੀ ਜੇਤੂ ਹੋ ਕੇ ਸਿੱਖ ਬਾਬਾ ਬੰਦਾ ਸਿੰਘ ਕੋਲ ਛੱਤ-ਬਨੂੜ ਪਹੁੰਚ ਗਏ।

ਜਦ ਇਸ ਦੀ ਖ਼ਬਰ ਬਾਬਾ ਬੰਦਾ ਸਿੰਘ ਨੂੰ ਪੁੱਜੀ ਤਾਂ ਉਹ ਸਿੱਖਾਂ ਨੂੰ ਨਾਲ ਲੈ ਕੇ ਕਾਫ਼ੀ ਅੱਗੇ ਆ ਮਿਲਿਆ ਅਤੇ ਜੇਤੂ ਮਝੈਲਾਂ ਨੂੰ ਗਲਵਕੜੀਆਂ ਪਾ ਕੇ ਜੀਅ ਆਇਆਂ ਆਖਿਆ।