ਸਲੋਕੁ ਮਃ ੩ ॥
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਗੂਜਰੀ ਅੰਗ ੫੦੮ (508)
ਇਸ ਜਗਤ ਦਾ ਹਰੇਕ ਜੀਵ ਆਪਣੇ ਨਿੱਜ, ਆਪਣੀ ਅਣਪੱਤ ਵਿਚ ਫਸਿਆ ਪਿਆ ਹੈ । ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ — ਇਸ ਚੱਕਰ ਵਿਚ ਹੀ ਇਸ ਨੂੰ ਜੀਉਣ ਦੀ ਜਾਚ ਹੀ ਨਹੀਂ ਰਹੀ ।
ਜੋ ਵੀ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ । ਜੋ ਮਨੁੱਖ ਮਾਲਕ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, ਕਿਉਂਕਿ ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਸਹਿਜ ਦੀ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਸੰਸਾਰਿਕ ਪਦਾਰਥਾਂ ਵਲ ਮਨ ਡੋਲਦਾ ਨਹੀਂ ।
9 ਜੂਨ, 1984 : ਸਾਕਾ ਨੀਲਾ ਤਾਰਾ ਦਾ ਨੌਵਾਂ ਦਿਨ
ਇਸ ਦਿਨ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਰ ਸਿੱਖ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਜੇਲ੍ਹਾਂ ਕੱਟੀਆਂ।
ਫੌਜੀ ਕਾਰਵਾਈ ਦੀ ਖ਼ਬਰ ਬੀਬੀਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ, ਜਿਸਨੂੰ ਸੁਣ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ‘ਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ।
ਸਿੱਖ ਫੌਜੀਆਂ ਨੇ ਪੂਰੇ ਦੇਸ਼ ਵਿੱਚ ਬਗਾਵਤ ਕਰ ਦਿੱਤੀ। ਵੱਖ ਵੱਖ ਥਾਵਾਂ ਤੋਂ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਹਥਿਆਰਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਕਈ ਥਾਵਾਂ ‘ਤੇ ਮੁਕਾਬਲੇ ਹੋਏ, ਜਿਸ ਵਿੱਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋ ਗਏ, ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ।
9 ਜੂਨ, 1984 : ਭਗਤ ਪੂਰਨ ਸਿੰਘ ਨੇ ਪਦਮ-ਸ੍ਰੀ ਪੁਰਸਕਾਰ ਵਾਪਸ ਕੀਤਾ
ਅੰਮ੍ਰਿਤਸਰ ਵਿੱਚ ਅਪਾਹਿਜ, ਲਾਵਾਰਿਸ, ਬਿਮਾਰ ਤੇ ਨਿਥਾਵਿਆਂ ਦੀ ਸੰਭਾਲ ਲਈ ਸਮਾਜਸੇਵੀ ਸੰਸਥਾ ‘ਪਿੰਗਲਵਾੜਾ’ ਚਲਾਉਣ ਵਾਲੇ ਭਗਤ ਪੂਰਨ ਸਿੰਘ ਨੇ ਦਰਬਾਰ ਸਾਹਿਬ ਉਤੇ ਹੋਈ ਫੋਜੀ ਕਾਰਵਾਈ ਦੇ ਰੋਸ ਵਜੋਂ, 9 ਜੂਨ, 1984 ਦੇ ਦਿਨ, ਆਪਣਾ ਪਦਮ-ਸ੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।