ਸੂਹੀ ਮਹਲਾ ੧ ॥

ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥
ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥
ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥
ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਸੂਹੀ  ਅੰਗ ੭੫੨ (752)

ਸਮਝ-ਬੂਝ ਅਤੇ ਸੁਚੱਜੀ ਜੀਵਨ-ਜਾਚ ਦੀ ਘਾਟ ਕਾਰਣ ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ । ਬਾਹਰ ਗਿਆਨ ਦਾ ਚਿੱਟਾ ਦਿਨ ਹੁੰਦਿਆਂ ਵੀ ਇਸ ਲਈ ਮੂਰਖਤਾ ਵਾਲਾ ਘੁੱਪ-ਹਨੇਰਾ ਹੀ ਬਣਿਆ ਰਹਿੰਦਾ ਹੈ। ਆਪਣੇ ਅਹੰਕਾਰ ਵਿਚ ਗ਼ਾਫ਼ਲ ਰਹਿਣ ਕਰਕੇ ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟ ਕੇ ਲਈ ਜਾਂਦੇ ਹਨ । ਪਰ ਇਸ ਮੂਰਖ ਨੂੰ ਸਮਝ ਹੀ ਨਹੀਂ ਕਿ – “ਮੈਂ ਕਿਸ ਪਾਸ ਸ਼ਿਕਾਇਤ ਕਰਾਂ ?”

ਜੋ ਮਨੁੱਖ ਗਿਆਨ-ਗੁਰੂ ਦੀ ਸਰਨ ਪੈਂਦਾ ਹੈ ਉਸ ਦੇ ਸਰਮਾਏ ਨੂੰ ਚੋਰ ਨਹੀਂ ਪੈਂਦਾ, ਕਿਉਂਕਿ ਗੁਰੂ ਉਸ ਨੂੰ ਗਿਆਨ, ਬੁਧਿ-ਬਿਬੇਕ, ਸਿਆਣਪ ਦੀ ਦਾਤਿ ਰਾਹੀਂ ਆਤਮਕ ਸਰਮਾਏ ਦੇ ਚੋਰ ਵਲੋਂ ਸੁਚੇਤ ਰੱਖਦਾ ਹੈ । ਗੁਰੂ ਆਪਣੇ ਸ਼ਬਦ ਨਾਲ ਉਸ ਦੇ ਅੰਦਰੋਂ ਅਹੰਕਾਰ, ਮੂਰਖਤਾ ਤੇ ਅਗਿਆਨਤਾ ਦੀ ਅੱਗ ਬੁਝਾ ਦੇਂਦਾ ਹੈ, ਅਤੇ ਗਿਆਨ ਦੀ ਜੋਤਿ ਜਗਾ ਦੇਂਦਾ ਹੈ ।


9 ਜੁਲਾਈ, 1984 : ਕੇਂਦਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀਮਤੀ ਖਜ਼ਾਨਾ ਫੌਜ ਕੋਲ ਹੋਣ ਦੀ ਪੁਸ਼ਟੀ ਕੇਂਦਰੀ-ਮੰਤਰੀ ਬੂਟਾ ਸਿੰਘ ਨੇ ਕੀਤੀ

ਸਾਕਾ ਨੀਲਾ ਤਾਰਾ ਦੌਰਾਨ 7 ਜੂਨ, 1984 ਨੂੰ ‘ਕੇਂਦਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਅੱਗ ਨਾਲ ਸੜ ਜਾਣ ਦੀ ਖ਼ਬਰਾਂ ਮੀਡੀਆ ਰਾਹੀਂ ਆਈਆਂ ਸਨ। ਸਿੱਖ ਕੌਮ ਦੀ ਇਸ ਕੇਂਦਰੀ ਲਾਇਬ੍ਰੇਰੀ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਦੁਰਲੱਭ ਪ੍ਰਾਚੀਨ ਹੱਥ ਲਿਖਤਾਂ ਸਨ । ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਹੱਥੀਂ ਲਿਖੇ ‘ਹੁਕਮਨਾਮੇ’ ਅਤੇ ਪੋਥੀਆਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਹੀ ਹੱਥ ਲਿਖਤੀ ਪਾਵਨ ਸਰੂਪ ਸਨ । ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਪੁਸਤਕਾਂ ਦੇ ਰੂਪ ਵਿੱਚ ਇੱਕ ਬਹੁਤ ਵੱਡਾ ਕੌਮੀ ਖ਼ਜ਼ਾਨਾ ਵੀ ਮੌਜੂਦ ਸੀ ।

9 ਜੁਲਾਈ, 1984 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਜਦੋਂ ਕੇਂਦਰੀ ਮੰਤਰੀ ਬੂਟਾ ਸਿੰਘ ਨਾਲ ਲਾਇਬ੍ਰੇਰੀ ਨੂੰ ਸਾੜਣ ਪ੍ਰਤੀ ਰੋਸ ਪ੍ਰਗਟ ਕੀਤਾ ਤਾਂ ਬੂਟਾ ਸਿੰਘ ਨੇ ਉੱਤਰ ਦਸਿਆ ਸੀ ਕਿ – “ਲਾਇਬ੍ਰੇਰੀ ਦੇ ਸਾਰੇ ਰਿਕਾਰਡਾਂ ਅਤੇ ਕਿਤਾਬਾਂ ਦੇ ਕਰੀਬ 125 ਬੰਡਲਾਂ ਨੂੰ ਫ਼ੌਜ ਆਪਣੀ ਅੰਮ੍ਰਿਤਸਰ-ਛਾਉਣੀ ਵਿੱਚ ਲੈ ਗਈ ਹੈ ।”

ਇਸ ਤੱਥ ਦੀ ਪੁਸ਼ਟੀ, ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਕਰਮਚਾਰੀਆਂ ਨੇ ਵੀ ਕੀਤੀ, ਜਿਹੜੇ ਕਿ ਉਸ ਵੇਲੇ ਛਾਉਣੀ ਵਿਖੇ ਫ਼ੌਜੀ ਹਿਰਾਸਤ ਵਿੱਚ ਸਨ ।

ਸਿੱਖ ਕੌਮ ਵਲੋਂ ਇਨ੍ਹਾਂ ਦੁਰਲੱਭ ਇਤਿਹਾਸਕ ਵਿਰਸੇ ਦੀ ਵਾਪਸੀ ਲਈ ਕੋਸ਼ਿਸ਼ਾਂ ਅੱਜ ਤਕ ਜ਼ਾਰੀ ਹਨ, ਪਰ ਇਸ ਖਜ਼ਾਨੇ ਦੀ ਕਦੇ ਕੋਈ ਉੱਘ-ਸੁੱਘ ਨਹੀ ਨਿਕਲ ਪਾਈ ।