ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੬੯ (1369)

ਜਿਵੇਂ ਕੇਲੇ ਦੇ ਨੇੜੇ ਕੋਈ ਬੇਰੀ ਉੱਗੀ ਹੋਈ ਹੋਵੇ, ਜਦੋਂ ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਤਾਂ ਕੇਲੇ ਉਸ ਬੇਰੀ ਦੇ ਕੰਡਿਆਂ ਨਾਲ ਚੀਰੇ ਜਾਂਦੇ ਹਨ; ਤਿਵੇਂ ਹੀ ਜੇ ਭੈੜੀ-ਸੰਗਤ ਵਿਚ ਬੈਠਿਆ ਰਹੀਏ ਤਾਂ ਵਿਕਾਰਾਂ ਦੇ ਅਸਰ ਹੇਠ ਸਾਡੀ ਜਿੰਦ ਵੀ ਆਤਮਕ ਗਿਰਾਵਟ ਆ ਜਾਂਦੀ ਹੈ ।


9 ਜਨਵਰੀ, 1765 : ਸਿੱਖਾਂ ਦਾ ਦਿੱਲੀ ਤੇ ਹਮਲਾ

1765 ਵਿਚ ਦਿੱਲੀ ਵਿਚ ਭਾਵੇਂ ਮੁਗ਼ਲ ਬਾਦਸ਼ਾਹ ਦਾ ਰਾਜ ਸੀ ਪਰ ਅਸਲ ਵਿਚ ਰੁਹੀਲਾ ਜਰਨੈਲ ਨਜੀਬੁਦੌਲਾ ਦਾ ਹੁਕਮ ਹੀ ਚੱਲਦਾ ਸੀ। ਭਰਤਪੁਰ ਰਿਆਸਤ (ਰਾਜਿਸਥਾਨ) ਦੇ ਰਾਜਾ ਸੂਰਜ ਮੱਲ ਤੇ ਨਜੀਬੁਦੌਲਾ ਵਿਚਕਾਰ ਅਕਸਰ ਟੱਕਰ ਚਲਦੀ ਰਹਿੰਦੀ ਸੀ।

ਸਯਦ ਮੁਹੰਮਦ ਖ਼ਾਨ ਬਲੋਚੀ ਦੀਆਂ ਫ਼ੌਜਾਂ ਨੇ ਚਾਲਾਕੀ ਨਾਲ ਰਾਜੇ ਸੂਰਜ ਮੱਲ ਨੂੰ ਘੇਰ ਲਿਆ ਤੇ ਕਤਲ ਕਰ ਕੇ ਉਸ ਦਾ ਸਿਰ ਅਤੇ ਹੱਥ ਵੱਢ ਕੇ ਨਜੀਬੁਦੌਲਾ ਨੂੰ ਪੇਸ਼ ਕੀਤੇ। ਸੂਰਜ ਮੱਲ ਦੇ ਪੁਤਰ ਜਵਾਹਰ ਸਿੰਹ ਨੇ ਜਦੋਂ ਇਹ ਖ਼ਬਰ ਸਿੱਖਾਂ ਨੂੰ ਭੇਜੀ ਤਾਂ ਉਹ ਜਵਾਹਰ ਸਿੰਹ ਦੀ ਮਦਦ ਵਾਸਤੇ ਤਿਆਰ ਹੋ ਗਏ।

9 ਜਨਵਰੀ, 1765 ਦੇ ਦਿਨ ਸਿੱਖ ਫ਼ੌਜਾਂ ਦਿੱਲੀ ਵਿਚ ਦਾਖ਼ਿਲ ਹੋ ਗਈਆਂ। ਭਾਵੇਂ ਨਜੀਬੁਦੌਲਾ ਕੋਲ ਕਾਫ਼ੀ ਫ਼ੌਜ ਸੀ ਪਰ ਉਸ ਨੇ ਸਿੱਖਾਂ ਨਾਲ ਟੱਕਰ ਲੈਣ ਦੀ ਬਜਾਇ ਆਪਣੇ ਆਪ ਨੂੰ ਕਿਲ੍ਹੇ ਦੇ ਅੰਦਰ ਬੰਦ ਕਰ ਲਿਆ।