ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਰਾਗ ਗਉੜੀ  ਅੰਗ ੧੮੩ (183)

ਜਦੋਂ ਅਸੀਂ ਸਦਾ-ਥਿਰ ਕੁਦਰਤਿ ਦੇ ਸੱਚ-ਸਿਧਾਂਤ ਵਾਲੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਦੋਂ ਸਾਰਾ ਜਗਤ ਹੀ ਉਸ ਸੱਚ ਦਾ ਰੂਪ ਦਿੱਸਣ ਲਗਦਾ ਹੈ ।

ਜਦੋਂ ਸਤਿਗੁਰੂ ਦੇ ਰਾਹੀਂ ਇਸ ਸੱਚ-ਸਿਧਾਂਤ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ ਮਨ ਵਿਚ ਆਤਮਿਕ ਸ਼ਾਂਤੀ ਪੈਦਾ ਹੋ ਜਾਂਦੀ ਹੈ ।


9 ਫਰਵਰੀ, 1846 : ਸਭਰਾਵਾਂ ਦੀ ਜੰਗ ਵਿਚ ਸ਼ਾਮ ਸਿੰਘ ਅਟਾਰੀਵਾਲਾ ਦੀ ਬਹਾਦਰੀ

9 ਫਰਵਰੀ, 1846 ਨੂੰ ਸਭਰਾਉਂ, ਜ਼ਿਲ੍ਹਾ ਫ਼ਿਰੋਜ਼ਪੁਰ (ਨੇੜੇ ਕਸਬਾ ਮਖੂ), ਦੇ ਮੈਦਾਨ-ਏ-ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਦਰਮਿਆਨ ਆਰ-ਪਾਰ ਦੀ ਜੰਗ ਸ਼ੁਰੂ ਹੋ ਗਈ। ਸਿੱਖ ਫੌਜਾਂ ਦੀ ਵਾਗਡੋਰ ਸ. ਸ਼ਾਮ ਸਿੰਘ ਅਟਾਰੀ ਵਾਲੇ ਕੋਲ ਸੀ ।

ਪਰ ਗ਼ਦਾਰ ਤੇਜਾ ਸਿੰਹੁ ਤੇ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਅੰਗਰੇਜ਼ਾਂ ਦੀ ਫੌਜ ਦੇ ਮੋਰਚਿਆਂ ਵਿੱਚ ਭਾਜੜਾਂ ਪੈ ਰਹੀਆਂ ਸਨ ਤੇ ਸਿੱਖ ਫੌਜਾਂ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਸੀ । ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ। ਇਉਂ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਜਿੱਤ ਕੇ ਵੀ ਅੰਤ ਸਿੱਖਾਂ ਦੀ ਹਾਰ ਹੀ ਹੋਈ ।