ਸਲੋਕ

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੪

ਕਬੀਰ ਜੀ ਸਮਝਾਉਂਦੇ ਹਨ ਕਿ ਇਹ ਸਰੀਰ-ਰਚਨਾ ਪੰਜਾਂ ਤੱਤਾਂ ਤੋਂ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ, ਅਰਥਾਤ ਬੁਧਿ ਅਤੇ ਬਿਬੇਕ ਦੋਹਾਂ ਦਾ ਤਾਲਮੇਲ ਕਾਇਮ ਹੋਵੇ । ਪ੍ਰੰਤੂ ਗਿਆਨ ਰੂਪੀ ਸਤਿਗੁਰੂ ਦੇ ਮੇਲ ਤੋਂ ਬਿਨਾ ਮਨੁੱਖ ਮੁੜ ਮਿੱਟੀ ਵਰਗਾ ਹੀ ਹੋ ਜਾਂਦਾ ਹੈ ।


9 ਦਸੰਬਰ, 1705 : ਸਾਹਿਬਜ਼ਾਦਾ ਅਜੀਤ ਸਿੰਘ ਦੇ ਬੇਟੇ ਹਠੀ ਸਿੰਘ ਦਾ ਜਨਮ

ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣ ਦੀ ਕਲਾ ਸਿੱਖੀ। ਛੋਟੀ ਉਮਰ ਵਿਚ ਹੀ ਉਹ ਸ਼ਸਤਰ ਚਲਾਉਣ ਵਿਚ ਬੜੇ ਨਿਪੁੰਨ ਹੋ ਗਏ ਸਨ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਾਦੀ ਬੁਰਹਾਨਪੁਰ ਦੇ ਭਾਈ ਜੇਠਾ ਸਿੰਘ ਦੀ ਬੇਟੀ ਤਾਰਾ ਕੌਰ ਨਾਲ 15 ਜਨਵਰੀ, 1705 ਦੇ ਦਿਨ ਹੋਈ ਸੀ ਅਤੇ ਉਸ ਦੇ ਘਰ 9 ਦਸੰਬਰ, 1705 ਦੇ ਦਿਨ ਇਕ ਬੇਟੇ ਹਠੀ ਸਿੰਘ ਨੇ ਜਨਮ ਲਿਆ।