ਸਲੋਕੁ ॥
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੫੯ (259)
ਕਿਸੇ ਹੋਰ ਨਾਲ ਰੋਸ ਨ ਕਰੋ, ਕੋਈ ਗੁੱਸਾ ਨ ਕਰੋ । ਇਸ ਬੇਲੋੜੇ ਰੋਸ ਦੀ ਬਜਾਏ ਆਪਣੇ ਆਪ ਨੂੰ ਵਿਚਾਰੋ ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀ ਭਲਾ ਹੈ ?
ਜੇ ਅਸੀਂ ਜਗਤ ਵਿਚ ਧੀਰਜ ਧਰ ਕੇ ਨਿਮਾਣੇ ਸੁਭਾਵ ਵਾਲੇ ਬਣ ਕੇ ਰਹੇ, ਤਾਂ ਸਤਿਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਦੀ ਦੁੱਖ-ਤਕਲੀਫਾਂ ਅਤੇ ਝਗੜੇ-ਝਮੇਲਿਆਂ ਵਿਚੋਂ ਬੱਚ ਕੇ ਸਫ਼ਲਤਾ ਨਾਲ ਪਾਰ ਲੰਘ ਜਾਵਾਂਗੇ ।
09 ਅਗਸਤ, 1925 : ਜੈਤੋਂ ਮੋਰਚੇ ਦੀ ਜਿੱਤ ਅਤੇ ਗੁਰਦੁਆਰਾ ਐਕਟ ਬਣਨ ਦੀ ਖੁਸ਼ੀ ਦਾ ਜਲੂਸ
ਜੈਤੋਂ ਦੇ ਮੋਰਚੇ ਦੀ ਘਾਲਣਾ ਅਤੇ ਕੁਰਬਾਨੀਆਂ ਪਿੱਛੋਂ ਆਖ਼ਿਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। 7 ਜੁਲਾਈ, 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ ਜੋ ਕਿ 1 ਨਵੰਬਰ, 1925 ਨੂੰ ਲਾਗੂ ਕੀਤਾ ਗਿਆ । ਜੈਤੋ ਵਿਖੇ ਅਖੰਡ-ਪਾਠ ਦੀ ਖੁਲ੍ਹ ਦੇ ਦਿੱਤੀ ਗਈ ਜਿਸ ਪਿੱਛੋਂ 6 ਅਗਸਤ ਨੂੰ ਇਕ-ਸੌ-ਇਕ ਅਖੰਡ-ਪਾਠਾਂ ਦੇ ਭੋਗ ਪਾਏ ਗਏ। (ਇਸ ਬਾਰੇ ਹੋਰ ਜਾਣਕਾਰੀ ਤੁਸੀਂ 6 ਅਗਸਤ ਵਾਲੀ ਪੋਸਟ ਵਿਚ ਪੜ੍ਹ ਸਕਦੇ ਹੋ।)
ਉਪਰੰਤ ਸਾਰੇ ਜੱਥੇ ਜੈਤੋ ਤੋਂ ਚਲ ਕੇ 9 ਅਗਸਤ, 1925 ਨੂੰ ਤਰਨਤਾਰਨ ਇਕੱਠੇ ਹੋਏ ਅਤੇ ਉਥੋਂ ਮੋਰਚੇ ਦੀ ਕਾਮਯਾਬੀ ਵਜੋਂ ਜਲੂਸ ਦੀ ਸ਼ਕਲ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇ ਜਿਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ।
ਇਸ ਤਰ੍ਹਾਂ ਜੈਤੋਂ ਮੋਰਚੇ ਦੀ ਸਫਲਤਾ ਮੌਕੇ ਸਾਰੀ ਕੌਮ ਨੇ ਖੁਸ਼ੀ ਮਨਾਈ।