ਸਲੋਕੁ ॥
ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥
ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਰਾਮਕਲੀ ਅੰਗ ੯੨੬ (926)
ਗੁਰੂ ਅਰਜਨ ਦੇਵ ਜੀ ਇਸ ਸਲੋਕ ਵਿਚ ਫਰਮਾਉਂਦੇ ਹਨ ਕਿ – ਜਿਹੜੇ ਮਨੁੱਖ ਗੁਰੂ ਦੇ ਗਿਆਨ ਰੂਪੀ ਸੋਹਣੇ ਚਰਨਾਂ ਦੀ ਸਰਨ ਆ ਕੇ ਗੁਣ ਗਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਹੀ ਆਨੰਦ-ਮੰਗਲ ਸੁਖ ਬਣੇ ਰਹਿੰਦੇ ਹਨ ।
ਸਾਨੂੰ ਸਦਾ ਉਸ ਮਾਲਕ ਦਾ ਆਰਾਧਨ ਭਾਵ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਉਹ ਹੀ ਹਰੇਕ ਬਿਪਤਾ/ਮੁਸ਼ਕਿਲ ਨੂੰ ਦੂਰ ਕਰਨ ਵਾਲਾ ਹੈ ।
08 ਸਤੰਬਰ, 1896 : ਸਾਰਾਗੜ੍ਹੀ ਚੌਂਕੀ ਉਤੇ ਅਫ਼ਗਾਨੀਆਂ ਦਾ ਹੱਲਾ
ਉੱਤਰ ਪੱਛਮੀ ਸਰਹੱਦੀ ਸੂਬੇ ਵਿਚ ਸਾਰਾਗੜ੍ਹੀ ਚੌਕੀ ਦੀ ਬਹੁਤ ਅਹਿਮੀਅਤ ਕਿਉਂਕਿ ਕਿ ਇਹ ਲੌਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦੇ ਵਿਚਕਾਰ ਨੀਵੀਂ ਥਾਂ ’ਤੇ ਸੀ। ਇਹ ਚੌਂਕੀ ਉੱਤਰ-ਪੱਛਮੀ ਫਰੰਟੀਅਰ ਸੂਬੇ ਦੀਆਂ 6-ਹਜ਼ਾਰ ਫੁੱਟ ਉਚੀਆਂ ਪਹਾੜੀਆਂ ਉਤੇ ਸਥਿਤ ਸੀ।
36 ਸਿੱਖ ਰੈਜਿਮੈਂਟ, ਜੋ ਕਿ ਹੁਣ 4 ਸਿੱਖ ਰੈਜਿਮੈਂਟ ਹੈ, ਦੇ ਸਿੱਖ ਜਵਾਨਾਂ ਕੋਲ ਸਾਰਾਗੜ੍ਹੀ ਦੀ ਸੁਰੱਖਿਆ ਦੀ ਜਿੰਮੇਵਾਰੀ ਸੀ। ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੇ ਕਮਾਂਡਰ ਬਾਬਾ ਈਸ਼ਰ ਸਿੰਘ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ ਦੇ ਸਨ।
1896 ਵਿਚ ਅਫਗਾਨੀਆਂ ਨੇ ਗੁਲਬਾਦਸ਼ਾਹ ਦੀ ਕਮਾਂਡ ਹੇਠ ਅੰਗਰੇਜ਼ਾਂ ਖ਼ਿਲਾਫ ਬਗਾਵਤ ਕਰਕੇ ਹੱਲਾ ਬੋਲ ਦਿੱਤਾ। ਬਾਗ਼ੀ ਕਬੀਲਿਆਂ ਨੇ ਇਕੱਠੇ ਹੋ ਕੇ 27 ਅਗਸਤ ਤੇ 8 ਸਤੰਬਰ ਨੂੰ ਇਨ੍ਹਾਂ ਚੌਕੀਆਂ ’ਤੇ ਹੱਲਾ ਬੋਲ ਦਿੱਤਾ।
(ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਹੋਈ ਜਿਸ ਬਾਰੇ ਹੋਰ ਵਿਸਥਾਰ ਤੁਸੀਂ ਅੱਗੋਂ 12 ਸਤੰਬਰ ਦੇ ਇਤਿਹਾਸ ਵਿਚ ਪੜ੍ਹੋਗੇ।)