ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥ਭਗਤ ਕਬੀਰ ਜੀ
ਸਲੋਕ ਕਬੀਰ ਜੀ ਅੰਗ ੧੩੬੮ (1368)
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ।
08 ਨਵੰਬਰ, 1665 : ਗੁਰੂ ਤੇਗਬਹਾਦਰ ਜੀ ਦੀ ਪਹਿਲੀ ਗ੍ਰਿਫ਼ਤਾਰੀ ਧਮਧਾਣ ਵਿਖੇ
ਨੌਵੇਂ ਗੁਰੂ ਤੇਗਬਹਾਦਰ ਜੀ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਨੂੰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਗਵਾਲ ਦਾਸ, ਗੁਰਦਾਸ, ਸੰਗਤ ਅਤੇ ਦਿਆਲਾ ਦਾਸ ਸਮੇਤ ਉਸ ਵਕਤ ਹੋਈ ਜਦੋਂ ਗੁਰੂ ਸਾਹਿਬ ਸਿੱਖਾਂ ਨੂੰ ਧਮਧਾਣ ਵਿਖੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾ ਰਹੇ ਸਨ।
ਔਰੰਗਜ਼ੇਬ ਦੇ ਹੁਕਮ ’ਤੇ ਆਲਮ ਖਾਂ ਫੌਜ ਸਮੇਤ ਧਮਧਾਣ ਆ ਚੜਿਆ ਤੇ ਗੁਰੂ ਸਾਹਿਬ ਅਤੇ ਇਹਨਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ। ਉਸ ਸਮੇਂ ਗੁਰੂ ਸਾਹਿਬ ਦੇ ਸਿੱਖ ਚਉਪਤ ਰਾਏ ਤੇ ਦੀਵਾਨ ਦਰਘਾ ਮਲ, ਰਾਜਾ ਮਿਰਜਾ ਜੈ ਸਿੰਘ ਦੀ ਪਤਨੀ ਰਾਣੀ ਪੁਸ਼ਪਾ, ਜੋ ਗੁਰੂ ਜੀ ਦੀ ਅੱਤ ਦੀ ਸ਼ਰਧਾਲੂ ਸੀ, ਨੂੰ ਮਿਲੇ। ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਦੇ ਯਤਨਾਂ ਦਾ ਸਦਕਾ ਇੱਕ ਮਹੀਨੇ ਬਾਅਦ ਗੁਰੂ ਸਾਹਿਬ ਅਤੇ ਸਾਥੀ ਸਿੱਖਾਂ ਦੀ ਰਿਹਾਈ ਹੋਈ।