ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੬ (1366)
ਭਗਤ ਕਬੀਰ ਜੀ ਸਮਝਾਉਂਦੇ ਹਨ ਕਿ – ਮਨੁੱਖ ਵਾਲਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਤੇ ਇਹ ਮੁੜ-ਮੁੜ ਕੇ ਨਹੀਂ ਮਿਲਦਾ। ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ ਜਦੋਂ ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ।
ਇਸੇ ਤਰ੍ਹਾਂ ਇਹ ਜੀਵਨ ਸਾਡੇ ਲਈ ਇੱਕੋ-ਇੱਕ ਮੌਕਾ ਹੈ, ਜਿਸਨੂੰ ਅਸੀਂ ਹੀ ਗੁਰਮਤਿ ਅਨੁਸਾਰ ਜੀਅ ਕੇ ਸਫਲ ਕਰਨਾ ਹੈ।
08 ਜੁਲਾਈ, 1734 : ਬੰਦ-ਬੰਦ ਕੱਟਕੇ ਸ਼ਹਾਦਤ – ਭਾਈ ਮਨੀ ਸਿੰਘ
ਪੰਜਾਬ ਉੱਤੇ ਕਾਬਜ਼ ਹਾਕਮ ਜ਼ਕਰੀਆ ਖ਼ਾਨ ਨੇ ਕਈ ਵਰਿਆਂ ਤੋਂ ਦਰਬਾਰ ਸਾਹਿਬ ਵਿਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿਚ ਇਸ਼ਨਾਨ ਕਰਨਾ ਬੰਦ ਕੀਤਾ ਹੋਇਆ ਸੀ।
ਭਾਈ ਮਨੀ ਸਿੰਘ ਜੋ ਇਸ ਵਕਤ ਤਕ 90 ਸਾਲਾਂ ਦੇ ਹੋ ਚੁਕੇ ਸੀ, ਵਿਚ ਆਪਣੇ ਹੋਰ ਮੁਖੀ ਸਿੰਘਾ ਨਾਲ ਸਲਾਹ ਕੀਤੀ ਕਿ ਆਉਂਦੀ ਦਿਵਾਲੀ (ਅਕਤੂਬਰ, 1733) ਸਮੇਂ ਦਰਬਾਰ ਸਾਹਿਬ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ-ਛੋੜ ਦਿਵਸ ਦੀ ਦੀਪਮਾਲਾ ਕੀਤੀ ਜਾਵੇ। ਆਪਸੀ ਮੇਲ-ਜੋਲ ਨਾਲ ਪੰਥਕ ਹਿਤਾਂ ਤੇ ਚੜਦੀਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਦਰਬਾਰ ਸਾਹਿਬ ਦਰਸ਼ਨ-ਇਸ਼ਨਾਨ ਵੀ ਕਰ ਸਕੇਗੀ।
ਸਿੰਘਾਂ ਨੇ ਮਿਲ ਕੇ ਲਾਹੋਰ ਦੇ ਸੂਬੇ ਜਕਰੀਆਂ ਖਾਨ ਨਾਲ ਗਲਬਾਤ ਕੀਤੀ ਤੋ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਤੇ ਕਿ ਸਿਖ ਕੋਈ ਗੜਬੜ ਨਹੀਂ ਕਰਨਗੇ। ਜ਼ਕਰਿਆਂ ਖਾਨ ਨੇ ਹਾਂ ਤਾਂ ਕਰ ਦਿਤੀ ਪਰ ਇਸਦੇ ਇਵਜ਼ ਵਲੋਂ ਪੰਜ ਹਜ਼ਾਰ ਰੁਪਏ ਟੈਕਸ ਲਾ ਦਿਤਾ ਗਿਆ । ਭਾਈ ਮਨੀ ਸਿੰਘ ਨੇ ਦੂਰ ਦੂਰ ਤਕ ਸੰਗਤਾਂ ਨੂੰ ਲਿਖਤੀ ਸਨੇਹੇ ਭੇਜ ਦਿਤੇ।
ਬਾਅਦ ਵਿਚ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆਂ ਕੀ ਇਸਤੋਂ ਵਧੀਆ ਕਿਹੜਾ ਮੋਕਾ ਹੋਵੇਗਾ ਸਿਖਾਂ ਦਾ ਖੁਰਾ ਖੋਜ ਮਿਟਾਣ ਦਾ, ਇਸ ਇੱਕਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ । ਅੰਦਰੋਂ ਅੰਦਰੋਂ ਉਸਨੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਲਈ।
ਪਰ ਭਾਈ ਮਨੀ ਸਿੰਘ ਜੀ ਨੂੰ ਇਸਦੀ ਗੁਪਤ ਸੂਚਨਾ ਮਿਲ ਗਈ। ਉਨ੍ਹਾਂ ਨੇ ਦੁਬਾਰਾ ਚਿਠੀਆਂ ਲਿਖਕੇ ਇਹ ਪ੍ਰੋਗਰਾਮ ਰਦ ਕਰਣ ਦਾ ਸਨੇਹਾ ਸੰਗਤਾਂ ਨੂੰ ਭਿਜਵਾ ਦਿਤਾ ਤੇ ਸਭ ਨੂੰ ਆਣ ਲਈ ਮਨਾ ਕਰ ਦਿਤਾ। ਪਰ ਕਈ ਸੰਗਤਾਂ ਜਿਨ੍ਹਾਂ ਨੂੰ ਵਕਤ ਤੇ ਚਿਠੀ ਨਹੀਂ ਮਿਲੀ ਉਵ ਪਹੁੰਚ ਗਏ। ਜ਼ਕਰੀਆ ਖ਼ਾਨ ਨੇ ਲਖਪਤ-ਰਾਇ ਨੂੰ ਫੌਜ਼ ਦੇਕੇ ਅਮ੍ਰਿਤਸਰ ਭੇਜ ਦਿਤਾ। ਕਈ ਸਿਖ ਇਸ਼ਨਾਨ ਕਰਦੇ ਪ੍ਰਕਰਮਾਂ ਵਿਚ ਹੀ ਸ਼ਹੀਦ ਕਰ ਦਿਤੇ ਗਏ। ਪਰ ਫਿਰ ਵੀ ਸਿਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ।
ਭਾਈ ਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਦੀ ਨਿਖੇਦੀ ਕੀਤੀ ਪਰ ਜ਼ਕਰੀਆ ਖ਼ਾਨ ਨੇ ਉਨ੍ਹਾਂ ਦੀ ਇਹ ਗਲ ਨਜ਼ਰ-ਅੰਦਾਜ਼ ਕਰਕੇ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ, ਪਰ ਭਾਈ ਸਾਹਿਬ ਨੇ ਦੇਣ ਤੋਂ ਇਨਕਾਰ ਕਰ ਦਿਤਾ। ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੋਰ ਨਖਾਸ ਚੌਂਕ ਲਿਆਂਦਾ ਗਿਆ। ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਹ ਕਰਨ ਤੇ ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਗਿਆ ।
ਜਲਾਦ ਭਾਵੇਂ ਹੈ ਜਲਾਦ ਸੀ, ਪਰ ਉਸ ਵਿਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ। ਉਸਨੇ ਉਨ੍ਹਾ ਦੇ ਬੰਦ ਬੰਦ ਕਟਣ ਦੀ ਬਜਾਏ ਜਦੋਂ ਸਿਧਾ ਬਾਂਹ ਕਟਣ ਲਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ, ”ਮਿਤਰਾ ਬੰਦ ਬੰਦ ਕਟ, ਤੇਨੂੰ ਜ਼ਕਰੀਆ ਖ਼ਾਨ ਦਾ ਹੁਕਮ ਮੰਨਣਾ ਚਾਹੀਦਾ ਹੈ!” ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿਚ ਵੀ ਜਬਾਨ ਤੇ ਇਹ ਲਫਜ਼ ਸਨ – ”ਸਿਰ ਜਾਵੇ ਤਾਂ ਜਾਵੇ, ਮੇਰਾ ਸਿਖੀ ਸਿਦਕ ਨਾ ਜਾਵੇ“ ।
ਭਾਈ ਸੁਬੇਗ ਤੇ ਕੁਝ ਹੋਰ ਸਿਖਾਂ ਨੇ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਭਾਈ ਮਨੀ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਿਥੇ ਗੁਰੂਦਵਾਰਾ ਸ਼ਹੀਦ ਗੰਜ ਬਣਿਆ ਹੈ।