ਸਲੋਕੁ ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੮੧ (281)

ਬੇਲੋੜੀ ਚਤੁਰਾਈ ਛੱਡ ਕੇ ਗੁਰਮਤਿ ਗਿਆਨ ਨੂੰ ਅਪਣਾਈਏ; ਕੇਵਲ ਸੱਚੇ ਗਿਆਨ ਨੂੰ ਪ੍ਰਾਪਤ ਕਰਨ ਦੀ ਆਸ ਨੂੰ ਮਨ ਵਿਚ ਰੱਖ ਲਈਏ । ਇਸ ਤਰ੍ਹਾਂ ਕੀਤਿਆਂ ਹੀ ਸਾਡੇ ਮਾਨਸਿਕ ਦੁੱਖ, ਵਹਿਮ-ਭਰਮ ਤੇ ਡਰ ਆਦਿ ਦੂਰ ਹੋਣੇ ਸੰਭਵ ਹਨ ।


8 ਜਨਵਰੀ, 1691 : ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ ਦਾ ਜਨਮ

ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ ਦਾ ਜਨਮ 8 ਜਨਵਰੀ, 1691 ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ । ਆਲਾ ਸਿੰਘ ਦਾ ਜਨਮ ਫੂਲ (ਜ਼ਿਲ੍ਹਾ ਬਠਿੰਡਾ) ਵਿਚ ਹੋਇਆ ਸੀ । ਉਸ ਦਾ ਵਿਆਹ ਖੰਨਾ ਦੇ ਭਾਈ ਕਾਲਾ ਦੀ ਬੇਟੀ ਫੱਤੋ (ਫ਼ਤਹਿ ਕੌਰ) ਨਾਲ ਹੋਇਆ ਸੀ ।

ਬਾਬਾ ਆਲਾ ਸਿੰਘ ਨੇ 1732 ਵਿਚ ਖੰਡੇ ਦੀ ਪਾਹੁਲ ਲਈ । ਬਾਬਾ ਆਲਾ ਸਿੰਘ ਨੇ 1753 ਵਿਚ ਪਟਿਆਲਾ ਨਗਰ ਦੀ ਨੀਂਹ ਰੱਖੀ ।