8 ਫਰਵਰੀ, 1620 : ਗੁਰੂ ਹਰਿਗੋਬਿੰਦ ਜੀ ਅਤੇ ਜਹਾਂਗੀਰ ਦੀ ਦੂਜੀ ਮੁਲਾਕਾਤ ਕਲਾਨੌਰ ਵਿਚ

ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਅਕਤੂਬਰ 1618 ਵਿਚ ਰਿਹਾ ਕੀਤੇ ਗਏ ਤਾਂ ਇਸ ਮਗਰੋਂ ਦੋ ਵਾਰ ਉਨ੍ਹਾਂ ਦੀ ਮੁਲਾਕਾਤ ਬਾਦਸ਼ਾਹ ਜਹਾਂਗੀਰ ਨਾਲ ਹੋਈ – ਪਹਿਲੀ 27 ਜਨਵਰੀ 1619 ਦੇ ਦਿਨ ਗੋਇੰਦਵਾਲ ਵਿਚ ਅਤੇ ਦੂਜੀ 8 ਫ਼ਰਵਰੀ 1619 ਦੇ ਦਿਨ ਕਲਾਨੌਰ ਵਿਚ।

ਕਲਾਨੌਰ ਦੀ ਮੀਟਿੰਗ ਵਿਚ ਜਹਾਂਗੀਰ ਨਾਲ ਲੰਮੀ ਬੈਠਕ ਹੋਈ ਸੀ ਜਿਸ ਵਿਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਬਾਰੇ ਚਰਚਾ ਹੋਇਆ ਦੀ ਜਿਸ ਮਗਰੋਂ ਜਹਾਂਗੀਰ ਨੇ ਚੰਦੂ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਸੀ। ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਚੰਦੂ ਨੂੰ ਗ੍ਰਿਫ਼ਤਾਰ ਕਰ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਜਾਵੇ।

ਜਦ ਉਸ ਨੂੰ ਗੁਰੂ ਸਾਹਿਬ ਕੋਲ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਲਾਹੌਰ ਦੀ ਸੰਗਤ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਜਿਨ੍ਹਾਂ ਨੇ ਉਸ ਨੂੰ ਜ਼ੁਲਮ ਕਰਦਾ ਵੇਖਿਆ ਸੀ ਉਹੀ ਉਸ ਦੀ ਸਜ਼ਾ ਨੀਅਤ ਕਰਨ।

ਸੰਗਤ ਨੇ ਫ਼ੈਸਲਾ ਕੀਤਾ ਕਿ ਚੰਦੂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਤੇ ਗਲ ਵਿਚ ਰੱਸੀ ਪਾ ਕੇ ਸਾਰੇ ਨਗਰ ਵਿਚ ਘੁਮਾਇਆ ਜਾਵੇ ਤੇ ਜ਼ਲੀਲ ਕਰ ਕੇ ਛੱਡ ਦਿੱਤਾ ਜਾਵੇ; ਬਸ ਏਨੀ ਸਜ਼ਾ ਹੀ ਕਾਫ਼ੀ ਹੈ। ਇਵੇਂ ਹੀ ਕੀਤਾ ਗਿਆ।

ਚੰਦੂ ਨੂੰ ਸਾਰੇ ਪਾਸੇ ਘੁਮਾ ਕੇ ਜਦ ਭਠਿਆਰਿਆਂ ਦੇ ਮੁਹੱਲੇ ਵਿਚ ਲਿਜਾਇਆ ਗਿਆ ਤਾਂ ਉਥੇ ਜਦ ਉਹ ਗੁਰਦਿੱਤਾ ਭਠਿਆਰਾ ਜਿਸ ਨੂੰ ਚੰਦੂ ਨੇ ਗੁਰੂ ਸਾਹਿਬ ਦੇ ਜਿਸਮ ‘ਤੇ ਰੇਤ ਪਾਉਣਾ ਵਾਸਤੇ ਤਾਈਨਾਤ ਕੀਤਾ ਸੀ ਦੇ ਘਰ ਅੱਗੋਂ ਲੰਘਿਆ ਤਾਂ ਉਸ ਨੇ, ਇਸ ਗੁੱਸੇ ਵਿਚ ਚੰਦੂ ਨੇ ਉਸ ਦੇ ਹੱਥੋਂ ਕੀ ਜ਼ੁਲਮ ਕਰਵਾਇਆ ਸੀ, ਆਪਣੇ ਹੱਥ ਵਿਚ ਫੜਿਆ ਕੜਛਾ (ਜਿਸ ਨਾਲ ਉਹ ਗੁਰੂ ਜੀ ਦੇ ਜਿਸਮ ‘ਤੇ ਰੇਤ ਪਾਉਂਦਾ ਰਿਹਾ ਸੀ) ਚੰਦੂ ਦੇ ਸਿਰ ਵਿਚ ਕੱਢ ਮਾਰਿਆ। ਇਸ ਕੜਛੇ ਦੇ ਵੱਜਣ ਨਾਲ ਹੀ ਚੰਦੂ ਉਥੇ ਡਿਗ ਕੇ ਮਰ ਗਿਆ।