ਸਲੋਕ ਮਃ ੧ ॥

ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥
ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਮਲ੍ਹਾਰ  ਅੰਗ ੧੨੯੦ (1290)

ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਮਨੁੱਖਾ ਸਰੀਰ-ਰੂਪ ਮਾਇਆ ਦਾ ਰਚਿਆ ਰੁੱਖ ਉੱਗਦਾ ਹੈ । ਇਸ ਨੂੰ ਅੰਮ੍ਰਿਤ (ਭਾਵ, ਨਾਮ / ਸੁਖ) ਤੇ ਜ਼ਹਿਰ (ਭਾਵ, ਮੋਹ / ਦੁੱਖ) ਦੁਹਾਂ ਕਿਸਮਾਂ ਦੇ ਫਲ ਲੱਗਦੇ ਹਨ ।

ਕਰਤਾਰ ਆਪ ਹੀ ਅੰਮ੍ਰਿਤ ਤੇ ਜ਼ਹਿਰ – ਦੋ ਕਿਸਮਾਂ ਦੇ ਫਲਾਂ ਦੇ ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ ਉਹੀ ਖਾਣਾ ਪੈਂਦਾ ਹੈ ।

ਕਰਤਾਰ ਆਪ ਹੀ ਅੰਮ੍ਰਿਤ ਤੇ ਜ਼ਹਿਰ – ਦੋ ਕਿਸਮਾਂ ਦੇ ਫਲਾਂ ਦੇ ਸਾਰੇ ਵਸੀਲੇ ਬਣਾਂਦਾ ਹੈ, ਹਰ ਜੀਵ ਨੂੰ ਆਪਣੇ ਕੀਤੇ ਕਰਮਾ ਅਨੂਸਾਰ ਆਪਣਾ ਕਮਾਇਆ ਫਲ ਹੀ ਖਾਣਾ ਪੈਂਦਾ ਹੈ ।


08 ਅਗਸਤ, 1922 : ਗੁਰੂ ਕਾ ਬਾਗ ਮੋਰਚਾ ਦੀ ਆਰੰਭਤਾ

ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇਕ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ।

ਇਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਵਾਲਾ ਸੀ ਪਰ ਅੰਗਰੇਜ਼ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ।

8 ਅਗਸਤ, 1922 ਨੂੰ ਗੁਰੂਘਰ ਦੇ ਲੰਗਰ ਲਈ ਖੇਤਾਂ ‘ਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਜਿਸ ਜ਼ਮੀਨ ‘ਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸ ਮਸਲੇ ‘ਤੇ ‘ਗੁਰੂ ਕਾ ਬਾਗ ਮੋਰਚਾ’ ਆਰੰਭ ਗਿਆ।

ਸ਼੍ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਸ ਫੜਦੀ ਅਤੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਓਧਰ ਪੁਲਸ ਮੁਖੀ ਬੀ.ਟੀ. ਨੇ ਉੱਚ ਅਫਸਰਾਂ ਨਾਲ ਰਾਇ ਕਰਕੇ ਸਿੰਘਾਂ ‘ਤੇ ਸਖਤੀ ਦਾ ਦੌਰ ਤੇਜ਼ ਕਰ ਦਿੱਤਾ।

ਸਿੰਘ ਗ੍ਰਿਫਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁੱਜਣ ਲੱਗੇ। ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ ਕਿ 17 ਨਵੰਬਰ, 1922 ਤਕ ਚੱਲਿਆ। ਅੰਤ ਮੋਰਚਾ ਫ਼ਤਿਹ ਹੋਇਆ।

ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ ਜਿਨ੍ਹਾਂ ਵਿਚ 200 ਫੌਜੀ ਪੈਨਸ਼ਨੀਏ ਵੀ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ।