ਗਉੜੀ ਮਹਲਾ ੫ ॥

ਜੀਵਨ ਪਦਵੀ ਹਰਿ ਕੇ ਦਾਸ ॥
ਜਿਨ ਮਿਲਿਆ ਆਤਮ ਪਰਗਾਸੁ ॥੧॥
ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥
ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥
ਆਠ ਪਹਰ ਧਿਆਈਐ ਗੋਪਾਲੁ ॥
ਨਾਨਕ ਦਰਸਨੁ ਦੇਖਿ ਨਿਹਾਲੁ ॥

 ਮਹਲਾ ੫ : ਗੁਰੂ ਅਰਜਨ ਸਾਹਿਬ ਜੀ
 ਗਉੜੀ ਰਾਗ  ਅੰਗ ੨੦੦ (200)

ਜੋ ਉਸ ਮਾਲਕ ਦੇ ਸੇਵਕ ਹਨ, ਦਾਸ ਹਨ, ਉਹਨਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ। ਉਹਨਾਂ ਨੂੰ ਮਿਲਿਆਂ ਆਤਮਾ ਨੂੰ ਗਿਆਨ ਦਾ ਚਾਨਣ ਮਿਲ ਜਾਂਦਾ ਹੈ ।

ਹੇ ਪ੍ਰਾਣੀ! ਧਿਆਨ ਨਾਲ ਸੱਚਾ ਨਾਮ ਸੁਣਨ ਤੇ ਸਿਮਰਨ (ਹਰ ਵੇਲੇ ਧਿਆਨ ਵਿੱਚ ਰੱਖਣ) ਦੀ ਬਰਕਤਿ ਨਾਲ ਤੂੰ ਮਾਲਕ ਦੇ ਦਰ ਤੋਂ ਸੁਖ ਪ੍ਰਾਪਤ ਕਰੇਂਗਾ ।

ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਾ ਦਿਨ ਗੁਰਬਾਣੀ ਵੀਚਾਰ ਕਰ ਕੇ ਮਨ ਸਦਾ ਹੀ ਖਿੜਿਆ ਰਹਿੰਦਾ ਹੈ ।


8 ਅਪ੍ਰੈਲ, 1929 : ਭਗਤ ਸਿੰਘ ਅਤੇ ਸਾਥੀਆਂ ਨੇ ਅੰਗ੍ਰੇਜ਼ਾਂ ਦੀ ਦਿੱਲੀ ਅਸੈਂਬਲੀ ਵਿੱਚ ਬੰਬ ਸੁਟਿਆ

ਸਰਦਾਰ ਭਗਤ ਸਿੰਘ ਅਤੇ ਸਾਥੀਆਂ ਨੇ ਦਿੱਲੀ ਵਿਚ 8 ਅਪ੍ਰੈਲ, 1929 ਵਾਲੇ ਦਿਨ ਅੰਗ੍ਰੇਜ਼ਾਂ ਦੀ ਅਸੈਂਬਲੀ (ਪਾਰਲੀਮੈਂਟ) ਵਿੱਚ ਬੰਬ ਸੁਟਿਆ ਤਾਂ ਕਿ ਭਾਰਤ ਦੀ ਗੁਲਾਮੀ ਦੀ ਗੱਲ ਕੁੱਲ ਦੁਨੀਆ ਤਕ ਪਹੁੰਚਾਈ ਜਾ ਸਕੇ । ਅਸੈਂਬਲੀ ਵਿੱਚ ਸੈਸ਼ਨ ਚੱਲ ਰਿਹਾ ਸੀ ।

ਸਰਦਾਰ ਭਗਤ ਸਿੰਘ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ, ਇਸ ਲਈ ਬੰਬਾਂ ਵਿੱਚ ਛਰੇ ਨਹੀਂ ਸਨ, ਇਹ ਬਿਲਕੁੱਲ ਫ਼ੋਕੇ ਸਨ ਕਿਉਂਕਿ ਉਹਨਾਂ ਦਾ ਮਕਸਦ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨਾ ਸੀ ।


.