ਬਿਲਾਵਲੁ ਮਹਲਾ ੩ ॥
…
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥
…ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਬਿਲਾਵਲ ਅੰਗ ੭੯੭ (797)
ਉਸ ਮਾਲਕ ਦੀ ਮੇਹਰ ਨਾਲ ਹੀ ਕੋਈ ਮਨੁੱਖ ਉਸ ਦਾ ਭਗਤ ਬਣਦਾ ਹੈ, ਉਸ ਦੀ ਕਿਰਪਾ ਨਾਲ ਹੀ ਮਨੁੱਖ ਨੂੰ ਉਸ ਦੀ ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ । ਇਹ ਸੇਵਾ-ਭਗਤੀ ਕਿਸੇ ਹੋਰ ਬਹਾਨੇ ਨਹੀਂ ਮਿਲਦੀ ।
ਇਹ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ ਉਹ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈ ।
07 ਅਕਤੂਬਰ, 1753 : ਨਵਾਬ ਕਪੂਰ ਸਿੰਘ ਦਾ ਅਕਾਲ-ਚਲਾਣਾ
ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਜਰਨੈਲਾਂ ਵਿਚੋਂ ਇੱਕ ਸਨ, ਜਿੰਨ੍ਹਾ ਨੇ ਸਿਖ ਕੌਮ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਮਗਰੋਂ ਆਪਣੀ ਯੋਗ ਅਤੇ ਸੁਚਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਵਿਚ ਰਖਿਆ ਅਤੇ ਪੰਜਾਬ ਉਤੇ ਖਾਲਸਾ ਰਾਜ ਕਾਇਮ ਕਰਨ ਲਈ ਰਾਹ ਪਧਰਾ ਕੀਤਾ।
ਇਹ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਖ਼ਾਲਸਾ ਪੰਥ ਕਈ ਜੱਥਿਆਂ ਵਿਚ ਵੰਡਿਆ ਹੋਇਆ ਸੀ ਜਿਸ ਕਾਰਣ ਖਾਲਸਾ ਨਿੱਤ ਦੇ ਆਪਸੀ ਵੈਰ-ਵਿਰੋਧ ਦਾ ਸ਼ਿਕਾਰ ਹੋ ਰਿਹਾ ਸੀ। ਇਸ ਸਭ ਨੂੰ ਖ਼ਤਮ ਕਰਨ ਦੇ ਲਈ ਨਵਾਬ ਕਪੂਰ ਸਿੰਘ ਜੀ ਨੇ 29 ਮਾਰਚ, 1748 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖ਼ਾਲਸਾ ਤੋਂ ਪ੍ਰਵਾਨਗੀ ਲੈ ਕੇ ‘ਦਲ-ਖ਼ਾਲਸਾ’ ਦੀ ਸਥਾਪਨਾ ਕਰਣ ਦਾ ਐਲਾਨ ਕੀਤਾ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦਲ ਖਾਲਸਾ ਦਾ ਮੁੱਖ ਜੱਥੇਦਾਰ ਥਾਪ ਕੇ ਸਿੱਖਾਂ ਦੇ ਵੱਡੇ 65 ਜੱਥਿਆਂ ਨੂੰ ਗਿਆਰਾਂ ਮਿਸਲਾਂ ਵਿਚ ਸਥਾਪਿਤ ਕਰ ਕੇ ਵੰਡ ਦਿੱਤਾ ।
ਜਦੋਂ ਮੁਗ਼ਲ ਆਪਣੀ ਪੂਰੀ ਤਾਕਤ ਨਾਲ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਤੇ ਲੱਗੇ ਹੋਏ ਸਨ, ਇਸ ਬਿਖੜੇ ਵੇਲੇ ਦੂਰ-ਅੰਦੇਸ਼, ਨਿਰਭੈਅ, ਜੰਗੀ ਜਰਨੈਲ ਨਵਾਬ ਕਪੂਰ ਸਿੰਘ ਨੇ ਸਿਖਾਂ ਦਾ ਮਨੋਬਲ ਕਾਇਮ ਰੱਖਿਆ, ਅਤੇ ਕੌਮ ਦੀ ਯੋਗ ਅਗਵਾਈ ਕੀਤੀ।
7 ਅਕਤੂਬਰ, 1753 ਵਾਲੇ ਦਿਨ ਨਵਾਬ ਕਪੂਰ ਸਿੰਘ ਦਾ ਦੇਹਾਂਤ ਹੋ ਗਿਆ । ਉਹਨਾਂ ਦਾ ਅੰਤਿਮ-ਸਸਕਾਰ ਅੰਮ੍ਰਿਤਸਰ ਵਿਖੇ ਬਾਬਾ ਅਟਲ ਦੇ ਦੇਹਰੇ ਪਾਸ ਕੀਤਾ ਗਿਆ ।