ਪਉੜੀ ॥

ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥

ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ । ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ ।

ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ । ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰ ਜਾਂਦੇ ਹਨ । ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀ ਜੀਵ ਕੇਵਲ ਤੇਰੀ ਸ਼ਰਨ ਹਾਂ ।


7 ਮਈ, 1845 : ਨੌਰੰਗਾਬਾਦ ਉਤੇ ਹੀਰਾ ਸਿੰਗ ਡੋਗਰੇ ਦਾ ਹਮਲਾ

ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਦ ਹੀਰਾ ਸਿੰਘ ਡੋਗਰੇ ਨੇ ਪ੍ਰਧਾਨ ਮੰਤਰੀ ਦਾ ਔਹਦਾ ਸੰਭਾਲ ਕੇ ਲਾਹੌਰ ਦਰਬਾਰ ਦੀ ਸ਼ਕਤੀ ਨੂੰ ਆਪਣੇ ਵਸ ਵਿਚ ਕਰ ਲਿਆ। ਉਸ ਦੇ ਸਲਾਹਕਾਰ ਪੰਡਿਤ ਜੱਲਾ ਦੇ ਦੁਰਵਿਵਹਾਰ ਕਾਰਣ ਸਿੱਖ ਸਰਦਾਰਾਂ ਅਤੇ ਸੈਨਾ-ਨਾਇਕਾਂ ਵਿਚ ਬਹੁਤ ਅਸੰਤੋਸ਼ ਪਸਰ ਗਿਆ।

ਲਾਹੌਰ ਦਰਬਾਰ ਵਿਚਲੀ ਇਸ ਅਰਾਜਕਤਾ ਅਤੇ ਧੱਕੇਸ਼ਾਹੀ ਕਾਰਣ ਕਈ ਅਧਿਕਾਰੀ, ਦਰਬਾਰੀ ਅਤੇ ਰਾਜਵੰਸ਼ੀ ਬਾਬਾ ਬੀਰ ਸਿੰਘ ਦੇ ਡੇਰੇ ਵਿਚ ਇਕੱਠੇ ਹੋਣ ਲਗ ਗਏ। ਇਥੋਂ ਤਕ ਕਿ ਕੰਵਰ ਪਿਸ਼ੌਰਾ ਸਿੰਘ ਅਤੇ ਕੰਵਰ ਕਸ਼ਮੀਰਾ ਸਿੰਘ ਨੇ ਵੀ ਉਸ ਡੇਰੇ ਵਿਚ ਸ਼ਰਣ ਲਈ ਹੋਈ ਸੀ। ਸ. ਅਤਰ ਸਿੰਘ ਸੰਧਾਵਾਲੀਆ ਵੀ ਉਥੇ ਆ ਗਿਆ। ਹੀਰਾ ਸਿੰਘ ਡੋਗਰਾ ਨੇ ਚਾਹਿਆ ਕਿ ਬਾਬਾ ਬੀਰ ਸਿੰਘ ਸ਼ਰਣਾਗਤਾਂ ਨੂੰ ਉਸ ਦੇ ਹਵਾਲੇ ਕਰ ਦੇਣ, ਪਰ ਬਾਬਾ ਬੀਰ ਸਿੰਘ ਨ ਮੰਨੇ।

7 ਮਈ, 1845 ਵਾਲੇ ਦਿਨ ਹੀਰਾ ਸਿੰਗ ਡੋਗਰੇ ਦੀਆਂ ਫੌਜਾਂ ਨੇ ਨੌਰੰਗਾਬਾਦ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਤੇ ਹਮਲਾ ਕਰਕੇ, ਬਾਬਾ ਬੀਰ ਸਿੰਘ, ਕੰਵਰ ਕਸ਼ਮੀਰ ਸਿੰਘ ਤੇ ਅਤਰ ਸਿੰਘ ਸੰਧਾਵਾਲੀਏ ਨੂੰ ਮਾਰ ਦਿੱਤਾ ।

7 ਮਈ, 1924 : ਨਾਭਾ ਰਿਆਸਤ ਦੇ ਰਾਜੇ ਨੂੰ ਰਾਜਗਦੀ ਤੋਂ ਲਾਹੁਣ ਖਿਲਾਫ ਰੋਸ

7 ਮਈ, 1924 ਵਿੱਚ ਨਾਭਾ ਰਿਆਸਤ ਦੇ ਰਾਜੇ ਨੂੰ ਰਾਜਗਦੀ ਤੋਂ ਲਾਹੁਣ ਦੇ ਸੰਬੰਧ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਰੋਸ ਪ੍ਰਗਟਾਉਣ ਤੇ ਜਥੇਦਾਰ ਅੱਛਰ ਸਿੰਘ ਗ੍ਰਿਫ਼ਤਾਰ ਕੀਤੇ ਗਏ ।