ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ।। ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ਮਹਲਾ ੩ : ਗੁਰੂ ਅਮਰਦਾਸ ਜੀ
ਰਾਗ ਵਡਹੰਸ ਅੰਗ ੫੮੮
ਗੁਰੂ ਅਰਜਨ ਸਾਹਿਬ ਜੀ ਫਰਮਾਂਉਂਦੇ ਹਨ ਕਿ – ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਰੱਬ ਗੱਲ ਸੁਣਾਈ ਹੈ, ਤੇ ਜਿਸ ਨੇ ਰੱਬ ਦੀ ਭਗਤੀ ਦੀ ਰੀਤ ਚਲਾਈ ਹੈ ।
ਉਹ ਪਿਆਰਾ ਸਤਿਗੁਰੂ ਸਦਾ ਮੇਰੇ ਅੰਗ ਸੰਗ ਹੈ, ਅਤੇ ਉਹ ਹੀ ਸਭ ਥਾਈਂ ਮੈਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ ।
ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥
7 ਮਾਰਚ 1703:- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਮੁਗਲਾਂ ਕੋਲੋਂ ਹਿੰਦੂ ਲੜਕੀ ਛੁੜਵਾ ਕੇ ਉਸ ਦੇ ਘਰ ਇੱਜਤ ਨਾਲ ਭੇਜੀ।
ਇੱਕ ਗ਼ਰੀਬ ਬ੍ਰਾਹਮਣ (ਦੇਵਕੀ ਦਾਸ) ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਬਹੁਤ ਹੀ ਦੁਖੀ ਮਨ ਨਾਲ ਬੇਨਤੀ ਕੀਤੀ ਕਿ ਹੁਸ਼ਿਆਰਪੁਰ ਦੇ ਨੇੜੇ ਬੱਸੀ ਕਲਾਂ ਦੇ ਹਾਕਮ ਜਾਬਰ ਖਾਨ ਨੇ ਉਸਦੀ ਨਵ-ਵਿਆਹੀ ਪਤਨੀ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਹੈ। ਉਸਨੇ ਕਿਹਾ ਕਿ ਉਹ ਸਾਰੇ ਪਾਸੇ ਹੋ ਕੇ ਆਇਆ ਹੈ ਪਰ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣ ਦੀ ਪੁਕਾਰ ਸੁਣ ਕੇ ਤੁਰੰਤ ਕਾਰਵਾਈ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਉਹ ਸਿੰਘਾਂ ਦਾ ਜਥਾ ਲੈ ਕੇ ਜਾਣ ਅਤੇ ਉਸ ਲੜਕੀ ਨੂੰ ਸੁਰੱਖਿਅਤ ਛੁੜਵਾ ਕੇ ਲਿਆਉਣ।
ਬਾਬਾ ਅਜੀਤ ਸਿੰਘ ਜੀ ਨੇ ਰਾਤੋ-ਰਾਤ ਸਫ਼ਰ ਤੈਅ ਕੀਤਾ ਅਤੇ ੭ ਮਾਰਚ ਦੀ ਸਵੇਰ ਨੂੰ ਜਾਬਰ ਖਾਨ ਦੇ ਟਿਕਾਣੇ (ਬੱਸੀ ਕਲਾਂ) ‘ਤੇ ਅਚਾਨਕ ਹਮਲਾ ਕਰ ਦਿੱਤਾ। ਸਿੰਘਾਂ ਦੀ ਫੁਰਤੀ ਅਤੇ ਦਲੇਰੀ ਅੱਗੇ ਜਾਬਰ ਖਾਨ ਦੀ ਫੌਜ ਟਿਕ ਨਾ ਸਕੀ।
ਸਿੰਘਾਂ ਨੇ ਜਾਬਰ ਖਾਨ ਨੂੰ ਕਾਬੂ ਕਰ ਲਿਆ ਅਤੇ ਉਸ ਬ੍ਰਾਹਮਣ ਦੀ ਪਤਨੀ ਨੂੰ ਬਾ-ਇੱਜ਼ਤ ਬਚਾ ਲਿਆ। ਬਾਬਾ ਅਜੀਤ ਸਿੰਘ ਜੀ ਨੇ ਉਸ ਲੜਕੀ ਨੂੰ ਉਸਦੇ ਪਤੀ ਦੇ ਹਵਾਲੇ ਕੀਤਾ ਅਤੇ ਪੂਰੀ ਸੁਰੱਖਿਆ ਨਾਲ ਉਸਦੇ ਘਰ ਛੱਡਿਆ। ਜਾਬਰ ਖਾਨ ਨੂੰ ਉਸਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਗਈ।
ਇਹ ਘਟਨਾ ਸਿੱਖੀ ਦੇ ਉਸ ਸਿਧਾਂਤ ਨੂੰ ਦਰਸਾਉਂਦੀ ਹੈ ਜਿੱਥੇ ਗੁਰੂ ਘਰ ਨੇ ਕਦੇ ਵੀ ਕਿਸੇ ਦੀ ਜਾਤ ਜਾਂ ਧਰਮ ਨਹੀਂ ਦੇਖਿਆ, ਸਿਰਫ਼ ‘ਮਜ਼ਲੂਮ ਦੀ ਰਾਖੀ’ ਕੀਤੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਦਿਖਾਇਆ ਕਿ ਸਿੱਖ ਸ਼ਸਤਰ ਸਿਰਫ਼ ਜ਼ੁਲਮ ਕਰਨ ਲਈ ਨਹੀਂ, ਸਗੋਂ ਕਿਸੇ ਦੀ ਇੱਜ਼ਤ ਬਚਾਉਣ ਲਈ ਉੱਠਦੇ ਹਨ।