ਸਲੋਕ ਮਃ ੧ ॥
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਾਰੂ ਅੰਗ ੧੦੯੧ (1091)
ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ ਕੁਦਰਤਿ ਦੇ ਭੈਅ ਦੇ ਕਾਰਨ ਰੱਬ ਆਪ ਵੱਸਦਾ ਹੈ ।
ਪਰ ਬਹੁਤਿਆਂ ਦੇ ਜੀਵਨ ਵਿੱਚ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਜਿਸ ਕਾਰਣ ਇਨ੍ਹਾਂ ਦੇ ਮਨ, ਬਚਨ ਤੇ ਕਰਮ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ।
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਨੂੰ ਇਹੋ ਜਿਹਾ ਬਣਨ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਹਿਰਦੇ ਦਾ ਭੋਲਾਪਨ ਕਾਇਮ ਰੱਖਣਾ ਚਾਹੀਦਾ ਹੈ ।
7 ਜੂਨ, 1984 : ਸਾਕਾ ਨੀਲਾ ਤਾਰਾ ਦਾ ਸੱਤਵਾਂ ਦਿਨ
ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਬਹੁਤ ਧਰਮੀ ਫ਼ੌਜੀ ਸਿੱਖ ਸ਼ਹੀਦ ਹੋਏ
7 ਜੂਨ, 1984 ਨੂੰ ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ ਹੋ ਗਈ । ਸਿੱਖ ਰੈਜੀਮੈਂਟ ਵਿਚ ਬਗਾਵਤ ਕਰਨ ਵਾਲੇ ਇਹ ਸਿੱਖ ਫ਼ੌਜੀ ਰੋਹ ਨਾਲ ਭਰੇ ਹੋਏ ਰਾਮਗੜ੍ਹ ਤੋਂ ਅੰਮ੍ਰਿਤਸਰ ਵੱਲ ਨਿਕਲ ਤੁਰੇ । ਇਸ ਮੌਕੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ ਵੀ ਹੋ ਗਏ ।
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੱਗ ਵਿਚ ਸਵਾਹ
6 ਜੂਨ ਸ਼ਾਮ ਨੂੰ ਫ਼ੌਜ ਦੀ ਗੋਲੀਬਾਰੀ ਬੰਦ ਹੋ ਜਾਣ ਤੋਂ ਬਾਅਦ 7 ਜੂਨ ਦੀ ਸਵੇਰ ਤਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ (Sikh Reference Library) ਬਿਲਕੁੱਲ ਸੁਰੱਖਿਅਤ ਸੀ ਪਰ ਸ਼ਾਮ ਨੂੰ ਅੱਗ ਦੀਆਂ ਲਪਟਾਂ ਵਿਚ ਲਾਇਬ੍ਰੇਰੀ ਦੇ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਆਈ ।
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਉਸ ਸਮੇਂ ਦੇ ਇੰਚਾਰਜ ਅਤੇ ਲਾਇਬ੍ਰੇਰੀ ਦੇ ਸਹਾਇਕ ਇੰਚਾਰਜ ਦਾਅਵਾ ਕੀਤਾ ਗਿਆ ਕਿ 6 ਜੂਨ ਸ਼ਾਮ ਨੂੰ ਫ਼ੌਜੀ ਕਾਰਵਾਈ ਖ਼ਤਮ ਹੋਣ ਤੋਂ ਅਗਲੇ ਦਿਨ 7 ਜੂਨ ਤਕ ਲਾਇਬ੍ਰੇਰੀ ਸੁਰੱਖਿਅਤ ਸੀ ਪਰ ਜਦੋਂ ਗੋਲੀਬਾਰੀ ਦਾ ਕੰਮ ਖ਼ਤਮ ਹੋ ਗਿਆ ਤਾਂ ਫਿਰ ਲਾਇਬ੍ਰੇਰੀ ਨੂੰ ਅੱਗ ਹਵਾਲੇ ਕਰਨ ਦਾ ਕੀ ਕਾਰਨ ਸੀ?
ਇਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਲਾਇਬੇ੍ਰਰੀ ਨੂੰ ਅੱਗ ਲਾਉਣ ਤੋਂ ਪਹਿਲਾਂ ਕੀਮਤੀ ਖ਼ਜ਼ਾਨਾ ਲੁੱਟ ਲਿਆ ਗਿਆ ਸੀ। ਗੁਰੂ ਸਾਹਿਬਾਨ ਦੇ ਹੱਥ ਲਿਖਤ ਹੁਕਮਨਾਮੇ, ਇਤਿਹਾਸਿਕ ਸਰੋਤ, ਖਰੜੇ, ਪੁਸਤਕਾਂ, ਬਿਰਧ ਬੀੜਾਂ ਆਦਿਕ ਖ਼ਜ਼ਾਨੇ ਦੇ ਫ਼ੌਜ ਨੇ 12 ਟਰੱਕ ਭਰੇ ਅਤੇ ਕਿਸੇ ਅਣਜਾਣ ਜਗ੍ਹਾ ਉਤੇ ਲਿਜਾਇਆ ਗਿਆ।
2002 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਲੁੱਟਿਆ ਖ਼ਜ਼ਾਨਾ ਵਾਪਸ ਕੀਤਾ ਜਾਵੇ, ਕਰੀਬ 2 ਸਾਲ ਬਾਅਦ ਚੀਫ਼ ਜਸਟਿਸ ਬੀ.ਕੇ. ਰਾਏ ਅਤੇ ਜਸਟਿਸ ਸੂਰੀਆ ਕਾਂਤ ਨੇ ਫ਼ੈਸਲਾ ਸੁਣਾਉਂਦਿਆਂ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਖ਼ਜ਼ਾਨਾ ਵਾਪਸ ਕਰ ਕੇ ਬਕਾਇਦਾ ਲਾਇਬ੍ਰੇਰੀ ਵਿਚ ਪਹੁੰਚਾਇਆ ਜਾਵੇ ਪਰ ਅੱਜ ਵੀ ਸਿੱਖ ਕੌਮ ਨੂੰ ਉਸ ਕੀਮਤੀ ਖ਼ਜ਼ਾਨੇ ਦੀ ਵਾਪਸੀ ਸੁਨਿਸ਼ਚਿਤ ਨਹੀਂ ਹੋਈ।
ਅਦਾਲਤੀ ਫ਼ੈਸਲੇ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਦੇ ਹੱਥ ਲਿਖਤ ਹੁਕਮਨਾਮੇ, ਇਤਿਹਾਸਕ ਸਰੋਤ, ਖਰੜੇ, ਪੁਸਤਕਾਂ, ਬਿਰਧ ਬੀੜਾਂ, 100 ਸਾਲ ਪੁਰਾਣੀਆਂ ਅਖ਼ਬਾਰਾਂ ਦਾ ਰਿਕਾਰਡ ਆਦਿਕ ਬਹਮੁੱਲਾ ਖ਼ਜ਼ਾਨਾ ਅਜੇ ਤੱਕ ਕੌਮ ਨੂੰ ਵਾਪਸ ਨਹੀਂ ਮਿਲਿਆ।