ਪ੍ਰਭ ਕੀ ਆਗਿਆ ਆਤਮ ਹਿਤਾਵੈ ॥
ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥
ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥
ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੭੫ (275)
ਜੋ ਮਨੁੱਖ ਮਾਲਕ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ, ਜੀਵਤ-ਮੁਕਤ ਉਹੀ ਅਖਵਾਉਂਦਾ ਹੈ; ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ ਕਿਉਂਕਿ ਓਥੇ ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ ਵਿਛੋੜਾ ਨਹੀਂ ਹੈ ।
ਸੋਨਾ ਤੇ ਮਿੱਟੀ ਵੀ ਉਸ ਮਨੁੱਖ ਵਾਸਤੇ ਬਰਾਬਰ ਹੈ ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ, ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ ।
ਕਿਸੇ ਵਲੋਂ ਆਦਰ ਦਾ ਵਰਤਾਉ ਹੋਵੇ ਜਾਂ ਅਹੰਕਾਰ ਦਾ ਉਸ ਮਨੁੱਖ ਵਾਸਤੇ ਇਕ ਸਮਾਨ ਹੈ, ਕੰਗਾਲ ਤੇ ਸ਼ਹਿਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ । ਜੋ ਰਜ਼ਾ ਮਾਲਕ ਵਰਤਾਉਂਦਾ ਹੈ, ਉਹੀ ਉਸ ਵਾਸਤੇ ਜ਼ਿੰਦਗੀ ਦਾ ਗਾਡੀ-ਰਾਹ ਹੈ; ਐਸਾ ਮਨੁੱਖ ਹੀ ਜੀਵਤ-ਮੁਕਤ ਕਿਹਾ ਜਾ ਸਕਦਾ ਹੈ ।
07 ਜੁਲਾਈ, 1799 : ਲਾਹੌਰ ਦੇ ਕਿਲ੍ਹੇ ਉੱਤੇ ਖਾਲਸਾਈ ਨਿਸ਼ਾਨ ਝੂਲਿਆ ਅਤੇ ਖ਼ਾਲਸਾ ਰਾਜ ਦਾ ਮੁੱਢ ਬੱਝਾ
18ਵੀਂ ਸਦੀ ਮਗਰੋਂ ਮੁਗ਼ਲ ਹਕੂਮਤ ਕਮਜ਼ੋਰ ਪੈਣ ਲੱਗੀ ਤਾਂ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਮਹਾਰਾਸ਼ਟਰ ਦੇ ਮਰਹੱਟਿਆਂ ਨੇ ਭਾਰਤ ਵਿੱਚ ਅੱਤ ਮਚਾ ਦਿੱਤੀ। ਮਰਹੱਟਿਆਂ ਨੇ ਪੰਜਾਬ ਵਿੱਚ ਅਟਕ ਤਕ ਦੇ ਇਲਾਕੇ ਫ਼ਤਹਿ ਕਰ ਲਏ। ਕਈ ਸਿੱਖ ਸਰਦਾਰ ਵੀ ਮਰਹੱਟਿਆਂ ਨਾਲ ਰਲ ਗਏ ਤੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਆਪਣੀਆਂ ਨਿੱਕੀਆਂ ਨਿੱਕੀਆਂ ਅਮਲਦਾਰੀਆਂ ਕਾਇਮ ਕਰ ਲਈਆਂ, ਜਿਨ੍ਹਾਂ ਨੂੰ ਮਿਸਲਾਂ ਆਖਿਆ ਜਾਂਦਾ ਸੀ।
ਰਣਜੀਤ ਸਿੰਘ ਦੇ ਵੇਲੇ ਤਕ ਪੰਜਾਬ, ਅਫ਼ਗ਼ਾਨਿਸਤਾਨ ਅਤੇ ਕਸ਼ਮੀਰ ’ਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਜ਼ਮਾਨ-ਸ਼ਾਹ ਦੀ ਹਕੂਮਤ ਸੀ। ਉਸਦੇ ਰਾਜ ਤੋਂ ਪ੍ਰੇਸ਼ਾਨ ਮੁਸਲਮਾਨਾਂ, ਸਿੱਖਾਂ, ਤੇ ਹਿੰਦੂਆਂ ਦੀ ਮਦਦ ਲਈ ਅਰਜ਼ੀ ਮਿਲਣ ਪਿੱਛੋਂ ਰਣਜੀਤ ਸਿੰਘ ਆਪਣੀ 25,000 ਦੀ ਫ਼ੌਜ ਨਾਲ਼ 6 ਜੁਲਾਈ, 1799 ਨੂੰ ਲਾਹੌਰ ਵੱਲ ਚੜਾਈ ਕੀਤੀ।
ਲਾਹੌਰ ਪਹੁੰਚਦਿਆਂ ਹੀ ਅਗਲੇ ਦਿਨ 7 ਜੁਲਾਈ, 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਹਮਲਾ ਕੀਤਾ। ਜ਼ਮਾਨ ਸ਼ਾਹ ਦੀਆਂ ਫ਼ੌਜਾਂ ਨੂੰ ਲੜਾਈ ਵਿੱਚ ਕਰਾਰੀ ਹਾਰ ਦੇ ਕੇ ਅਤੇ ਲਾਹੌਰ ਉੱਤੇ ਕਬਜ਼ਾ ਕਰ ਲਿਆ।
ਜਦੋਂ ਲਾਹੌਰ ਦੇ ਕਿਲ੍ਹੇ ਉੱਤੇ ਖਾਲਸਾਈ ਨਿਸ਼ਾਨ ਝੂਲਿਆ ਤਾਂ ਇਸਦੇ ਨਾਲ ਹੀ ਖ਼ਾਲਸਾ ਰਾਜ ਦਾ ਮੁੱਢ ਬੱਝਿਆ, ਜੋ ਕਿ ਆਣ ਵਾਲੇ ਪੰਜਾਹ ਕੁ ਸਾਲਾਂ ਤੱਕ ਖ਼ੈਬਰ, ਕੰਧਾਰ ਤੱਕ ਫੈਲਣ ਵਾਲਾ ਸੀ।