ਮਃ ੫ ॥

ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਸਿਰੀ ਰਾਗ  ਅੰਗ ੮੯ (89)

ਜਿਸ ਨੇ ਵੀ ਸ੍ਰਿਸ਼ਟੀ ਦੇ ਮੂਲ ਸਿਰਜਣਹਾਰ ਨੂੰ ਵਿਸਾਰਿਆ ਹੈ, ਉਹ ਮੁੜ-ਮੁੜ ਜੰਮਣ-ਮਰਣ ਵਿਚ ਪੈਂਦਾ ਹੈ। ਜਿਵੇਂ ਉਹ ਕਸਤੂਰੀ, ਭਾਵ, ਉੱਤਮ ਖੁਸ਼ਬੋਈ ਵਾਲੇ ਪਦਾਰਥ ਦੇ ਭੁਲੇਖੇ ਵਿਚ, ਮਾਇਆ ਦੇ ਗੰਦੇ ਟੋਏ ‘ਚ ਜਾ ਡਿੱਗਿਆ ਹੋਵੇ ।


7 ਜਨਵਰੀ, 1924 : ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦੌਰਾਨ 62 ਮੈਂਬਰਾਂ ਦੀ ਗਿਰਫਤਾਰੀ

ਸਿੱਖ ਆਗੂਆਂ ਦੁਆਰਾ ਅੰਗਰੇਜ਼ ਸਰਕਾਰ ਨਾਲ ਨਾਮਿਲਵਰਤਣ ਦਾ ਫ਼ੈਸਲਾ, ਆਜ਼ਾਦੀ ਤੇ ਖ਼ੁਦਮੁਖ਼ਤਿਆਰੀ ਦੇ ਨਾਅਰੇ ਅਤੇ ਹੋਰ ਸਿਆਸੀ ਰੋਲ ਕਾਰਨ ਅੰਗਰੇਜ਼ ਸਰਕਾਰ ਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਗ਼ੈਰ-ਕਾਨੂੰਨੀ ਐਲਾਨ ਕਰਾਰ ਦੇ ਦਿੱਤਾ ਸੀ।

7 ਜਨਵਰੀ, 1924 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਅਕਾਲ ਤਖ਼ਤ ‘ਤੇ ਹੋ ਰਹੀ ਸੀ। ਇਸ ਸਮੇਂ ਭਾਰੀ ਗਿਣਤੀ ਵਿਚ ਪੁਲਸ ਦਰਬਾਰ ਸਾਹਿਬ ਆ ਪੁਜੀ ਅਤੇ ਅਕਾਲ ਤਖ਼ਤ ਸਾਹਿਬ ‘ਤੇ ਚੜ੍ਹ ਕੇ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹਿਆ। ਇਸ ‘ਤੇ ਸਿੱਖਾਂ ਨੇ ਪੁਲਸ ਨੂੰ ਘੇਰਾ ਪਾ ਲਿਆ ਅਤੇ ਪਿੱਛੇ ਧੱਕ ਦਿੱਤਾ। ਅਖੀਰ 62 ਮੈਂਬਰ ਅਤੇ ਆਗੂ ਗਿਰਫ਼ਤਾਰ ਕਰ ਲਏ ਗਏ।