ਸਲੋਕ ਮਹਲਾ ੫ ॥
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ ਅੰਗ ੫੪੯
ਇਹ ਸਾਰਾ ਸੰਸਾਰ ਮਾਇਆ ਦੇ ਲਾਲਚ ਨਾਲ ਲਿੱਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ । ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ।
ਪਰ ਗੁਰਬਾਣੀ ਅਨੁਸਾਰ ਜਿਸ ਮਨੁੱਖ ਨੂੰ ਗਿਆਨ ਰੂਪ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਹੀ ਉਹ ਸੱਚਾ-ਗਿਆਨ ਵੱਸ ਪੈਂਦਾ ਹੈ ।
7 ਦਸੰਬਰ, 1715 : ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫ਼ਤਾਰੀ
ਬਾਦਸ਼ਾਹ ਫਰਖੁਸੀਅਰ ਦੇ ਹੁਕਮ ਨਾਲ ਅਬਦੁੱਲ-ਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ-ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ । ਇਹ ਘੇਰਾ ਅੱਠ ਮਹੀਨਿਆਂ ਤੋਂ ਵੱਧ ਸਮਾਂ ਚੱਲਿਆ । ਗੜ੍ਹੀ ਅੰਦਰ ਸਿੰਘਾਂ ਦਾ ਰਸਦ-ਪਾਣੀ ਮੁੱਕ ਗਿਆ । ਗੋਲਾ-ਬਾਰੂਦ ਵੀ ਮੁੱਕ ਚੁੱਕਿਆ ਸੀ ।
ਕਈ ਤਰ੍ਹਾਂ ਦੇ ਝੂਠੇ ਵਾਅਦੇ ਕੀਤੇ ਗਏ ਤਾਂ ਅੰਤ 7 ਦਸੰਬਰ, 1715 ਨੂੰ ਸਿੰਘਾਂ ਨੇ ਗੜ੍ਹੀ ਖੋਲ੍ਹ ਦਿੱਤੀ । ਭੁਖ ਪਿਆਸ ਨਾਲ ਪਿੰਜਰ ਬਣੇ ਲੱਗਭਗ 300 ਸਿੰਘਾਂ, ਬੀਬੀਆਂ ਅਤੇ ਬੱਚਿਆਂ ਨੂੰ ਕਤਲ ਵੀ ਕਰ ਦਿੱਤਾ ਗਿਆ । ਬਾਬਾ ਬੰਦਾ ਸਿੰਘ ਤੇ ਕੁੱਝ ਸਾਥੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ।
ਬੰਦਾ ਸਿੰਘ ਤੇ ਕੁਝ ਹੋਰ ਸਾਥੀ ਸਿੰਘਾਂ ਨੂੰ ਕੈਦ ਕਰਕੇ ਪਹਿਲਾਂ ਲਾਹੌਰ ਲਿਆਂਦਾ ਫਿਰ ਸਮੱਦ ਖਾਨ ਦੇ ਪੁੱਤ ਜਕਰੀਆ ਖਾਨ ਦੀ ਅਗਵਾਈ ਚ ਜਲੂਸ ਦੇ ਰੂਪ ‘ਚ ਦਿੱਲੀ ਲੈ ਗਏ । ਰਾਹ ‘ਚ ਹੋਰ ਵੀ ਸਿੱਖ ਗ੍ਰਿਫ਼ਤਾਰ ਕਰਕੇ ਕੈਦੀਆਂ ਦੀ ਗਿਣਤੀ ਵਧਾਈ ਗਈ, ਦਿੱਲੀ ਲਿਜਾ ਕੇ 700 ਤੋਂ ਵੱਧ ਕੈਦੀ ਸਿੰਘ ਸ਼ਹੀਦ ਕਰ ਦਿੱਤੇ ਗਏ ।