ਸਲੋਕੁ ॥
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੫੪ (254)
ਹੇ ਭਾਈ! ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕਰੋ । ਇਹ ਸਾਰਾ ਜਗਤ ਆਪੋ ਆਪਣੀ ਵਾਰੀ ਆਣ ਤੇ ਇਥੋਂ ਤੁਰ ਜਾਇਗਾ । ਫਿਰ ਨਾਸਵੰਤ ਦੀਆਂ ਆਸਾਂ ਕਿਉਂ ਕਰੀਏ ?
ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ, ਅਤੇ ਮਨ ਨੂੰ ਆਸਾ-ਨਿਰਾਸਾ ਆਦਿਕ ਦੇ ਰੋਗ ਤੋਂ ਨਾਮ ਸਿਮਰਨ ਬਚਾ ਲੈਂਦਾ ਹੈ ।
07 ਅਗਸਤ, 1909 : ਜਨਮ ਸੋਹਣ ਸਿੰਘ ਸੀਤਲ, ਉੱਘੇ ਢਾਡੀ ਅਤੇ ਸਾਹਿਤਕਾਰ
ਸੋਹਣ ਸਿੰਘ ਸੀਤਲ ਉੱਘੇ ਢਾਡੀ, ਪੰਜਾਬੀ ਗਾਇਕ ਅਤੇ ਸਾਹਿਤਕਾਰ ਸਨ। ਉਨ੍ਹਾ ਦਾ ਮੁੱਖ ਕਿੱਤਾ ਢਾਡੀ ਕਲਾ ਹੀ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦੇ ਸਨ। ਉਹ ਬਹੁਤ ਕਾਬਿਲ ਵਿਆਖਿਆਕਾਰ ਵੀ ਸੀ।
ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ, 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ। ਸੋਹਣ ਸਿੰਘ ਸੀਤਲ ਨੇ 1933 ਵਿਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ । ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਅਤੇ ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਸੀ।
ਰਚਨਾਵਾਂ
ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਸੀਤਲ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿੱਚ ਉਸ ਦੀ ਕਵਿਤਾ ਪਹਿਲੀ ਵਾਰ ‘ਅਕਾਲੀ’ ਅਖਬਾਰ ਵਿੱਚ ਛਪੀ।
ਢਾਡੀ ਜਥਾ
1935 ਵਿੱਚ ਸੀਤਲ ਨੇ ਆਪਣਾ ਢਾਡੀ ਜਥਾ ਬਣਾਇਆ। ਇਸ ਜਥੇ ਦੇ ਮੋਢੀ ਉਹ ਆਪ ਸੀ। ਥੋੜ੍ਹੇ ਸਮੇਂ ਵਿੱਚ ਹੀ ਢਾਡੀ ਦੇ ਤੌਰ ‘ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲਗ ਪਏ।
ਨਾਵਲ
ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ ‘ਚੋਂ ‘ਜੁੱਗ ਬਦਲ ਗਿਆ’, ‘ਤੂਤਾਂ ਵਾਲਾ ਖੂਹ’ ਅਤੇ ‘ਜੰਗ ਜਾਂ ਅਮਨ’ ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ।
ਇਤਿਹਾਸਕ ਲਿਖਤਾਂ ਵਿਚ ‘ਸਿੱਖ ਰਾਜ ਕਿਵੇਂ ਬਣਿਆ ?’, ‘ਸਿੱਖ ਰਾਜ ਕਿਵੇਂ ਗਿਆ ?’, ਸਿੱਖ ਰਾਜ ਤੇ ਸ਼ੇਰੇ ਪੰਜਾਬ, ਅਤੇ ‘ਦੁਖੀਏ ਮਾਂ-ਪੁੱਤ’ ਬਹੁਤ ਪ੍ਰਚਲਿਤ ਹੋਏ।
ਸੋਹਣ ਸਿੰਘ ਸੀਤਲ ਦੇ, 1947 ਦੀ ਪੰਜਾਬ ਦੀ ਵੰਡ ਦੇ ਭਿਆਨਕ ਸਮੇਂ ਦੇ, ਨਾਵਲ ‘ਤੂਤਾਂ ਵਾਲਾ ਖੂਹ’ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਅਕ ਕੋਰਸ ਦਾ ਬਹੁਤ ਅਹਿਮ ਹਿੱਸਾ ਬਣਾਇਆ ਗਿਆ।