ਪਉੜੀ ॥
ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥ਮਹਲਾ ੨ : ਗੁਰੂ ਅੰਗਦ ਦੇਵ ਜੀ
ਆਸਾ ਰਾਗ ਅੰਗ ੪੬੭ (467)
ਜਿਹੜੇ ਸੰਤੋਖੀ ਮਨੁੱਖ ਸਦਾ ਇਕ ਸੱਚੇ ਮਾਲਕ ਨੂੰ ਸਿਮਰਦੇ ਹਨ, ਸੇਵਾ ਉਹੀ ਕਰਦੇ ਹਨ । ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਗੁਰਮਤਿ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ ।
ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ । ਸੋ ਆਪਣੀ ਸਿਹਤ ਦੀ ਸੰਭਾਲ ਕਰਦੇ ਹਨ ।
“ਹੇ ਮਾਲਕ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ” ਇਸ ਤਰ੍ਹਾਂ ਦੀ ਸਿਫ਼ਤਿ-ਸਾਲਾਹ ਵਡਿਆਈ ਕਰ ਕੇ ਉਹ ਸੰਤੋਖੀ ਮਨੁੱਖ ਸੱਚੇ ਨੂੰ ਪਾ ਲੈਂਦੇ ਹਨ ।
7 ਅਪ੍ਰੈਲ : ਵਿਸ਼ਵ ਸਿਹਤ ਦਿਵਸ – World Health Day
ਪੂਰੀ ਦੁਨੀਆ ਵਿਚ ਵਿਸ਼ਵ ਸਿਹਤ ਦਿਵਸ (World Health Day) ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
7 ਅਪ੍ਰੈਲ, 1948 ਨੂੰ ਵਿਸ਼ਵ ਸਿਹਤ ਸੰਸਥਾ (World Health Organization) ਦੀ ਸਥਾਪਨਾ ਹੋਈ ਸੀ। ਇਸਤੋਂ ਦੋ ਸਾਲ ਬਾਅਦ 1950 ਤੋਂ ਹਰ ਸਾਲ ਸਿਹਤ ਦਿਵਸ ਮਨਾਇਆ ਜਾਣ ਲੱਗਾ।
ਵਿਸ਼ਵ ਸਿਹਤ ਦਿਵਸ ਦਾ ਉਦੇਸ਼
ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਪੂਰੇ ਵਿਸ਼ਵ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ।
ਹਰ ਸਾਲ ਸਿਹਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਦੁਨੀਆ ਭਰ ਦੇ ਲੋਕਾਂ ਦੇ ਸਿਹਤ ਪੱਧਰ ਨੂੰ ਉੱਪਰ ਚੁੱਕਣਾ ਹੈ। ਇਸਦੇ ਤਹਿਤ ਪੋਲੀਓ, ਖੂਨ ਦੀ ਕਮੀ, ਨੇਤਰਹੀਣਤਾ, ਟੀਬੀ ਮਲੇਰੀਆ ਆਦਿ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਵਿਸ਼ਵ ਸਿਹਤ ਦਿਵਸ ਦਾ ਇਤਿਹਾਸ
1948 ਵਿਚ 7 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਇਕ ਸਹਿਯੋਗੀ ਅਤੇ ਸਬੰਧਿਤ ਸੰਸਥਾ ਦੇ ਰੂਪ ਵਿਚ ਦੁਨੀਆ ਦੇ 193 ਦੇਸ਼ਾਂ ਨੇ ਮਿਲ ਕੇ ਸਵਿਟਜ਼ਰਲੈਂਡ ਦੇ ਜਨੇਵਾ ਵਿਚ ਵਿਸ਼ਵ ਸਿਹਤ ਸੰਗਠਨ (WHO) ਦੀ ਨੀਂਹ ਰੱਖੀ ਗਈ ਸੀ। ਉਸੇ ਸਾਲ WHO ਦੀ ਪਹਿਲੀ ਵਿਸ਼ਵ ਸਥਾਪਨਾ ਸਭਾ ਹੋਈ ਸੀ, ਜਿਸ ਵਿਚ 7 ਅਪ੍ਰੈਲ ਤੋਂ ਹਰ ਸਾਲ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ।
ਭਾਰਤ ਦੀ ਸਿਹਤ ਰਿਪੋਰਟ
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਨੁਸਾਰ ਤਿੰਨ ਸਾਲ ਦੀ ਉਮਰ ਵਾਲੇ 3.88 ਫੀਸਦੀ ਬੱਚਿਆਂ ਦਾ ਵਿਕਾਸ ਆਪਣੀ ਉਮਰ ਅਨੁਸਾਰ ਨਹੀਂ ਹੋ ਰਿਹਾ ਅਤੇ 46 ਫੀਸਦੀ ਬੱਚਿਆਂ ਦਾ ਆਪਣੀ ਉਮਰ ਦੀ ਤੁਲਨਾ ਅਨੁਸਾਰ ਵਜ਼ਨ ਵੀ ਘੱਟ ਹੈ, ਜਦਕਿ 79.2 ਫੀਸਦੀ ਬੱਚ ਅਨੀਮਿਆ, ਖੂਨ ਦੀ ਕਮੀ ਤੋਂ ਪੀੜਤ ਹਨ।
ਭਾਰਤ ਸਿਹਤ ਰਿਪੋਰਟ 2010 ਮੁਤਾਬਿਕ ਜਨ ਸਿਹਤ ਸੁਵਿਧਾਵਾਂ ਅਜੇ ਵੀ ਪੂਰੀ ਤਰ੍ਹਾਂ ਮੁਫਤ ਨਹੀਂ ਹਨ ਅਤੇ ਜੋ ਮੁਫਤ ਹਨ ਉਹ ਵਧੀਆ ਨਹੀਂ ਹਨ। ਭਾਰਤ ਦੇ ਲੋਕਾਂ ਨੂੰ ਹਾਲੇ ਵੀ ਸਿਹਤ ਸਬੰਧੀ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ।