ਸਿਰੀਰਾਗੁ ਮਹਲਾ ੧ ਘਰੁ ੪ ॥
…
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
ਆਪੁ ਪਛਾਣੈ ਬੂਝੈ ਸੋਇ ॥
ਗੁਰ ਪਰਸਾਦਿ ਕਰੇ ਬੀਚਾਰੁ ॥
ਸੋ ਗਿਆਨੀ ਦਰਗਹ ਪਰਵਾਣੁ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਸਿਰੀ ਰਾਗ ਅੰਗ ੨੫ (25)
ਗੁਰਮਤਿ ਦਾ ਸਵਾਲ ਹੈ ਕਿ : ਅਸਲ ਗਿਆਨੀ ਕੌਣ ਹੈ, ਅਤੇ ਉਹ ਕੈਸਾ ਹੁੰਦਾ ਹੈ?
ਗੁਰਬਾਣੀ ਅਨੁਸਾਰ ਜਵਾਬ : ਅਸਲ ਗਿਆਨੀ, ਭਾਵ ਗਿਆਨਵਾਨ ਮਨੁੱਖ, ਉਹ ਹੈ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਅਤੇ ਇਸ ਗੁਰਮਤਿ ਦੀ ਰਮਜ਼ ਨੂੰ ਬੁੱਝ ਕੇ ਸਮਝ ਲੈਂਦਾ ਹੈ । ਜੋ ਗੁਰੂ ਦੀ ਮਿਹਰ ਨਾਲ ਆਪਣੀ ਚਤੁਰਾਈ ਛੱਡ ਕੇ ਸਦਗੁਣਾਂ ਦਾ ਵਿਚਾਰ ਕਰ ਕੇ ਇਹਨਾਂ ਨੂੰ ਜੀਵਨ ਵਿਚ ਧਾਰਨ ਕਰਦਾ ਹੈ । ਕੇਵਲ ਅਜੇਹਾ ਸੂਝਵਾਨ ਗਿਆਨੀ ਮਨੁੱਖ ਹੀ ਗਿਆਨ-ਗੁਰੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।
06 ਸਤੰਬਰ, 1901 : ਗਿਆਨੀ ਦਿੱਤ ਸਿੰਘ ਦਾ ਅਕਾਲ ਚਲਾਣਾ
ਸਿੱਖੀ ਦੇ ਸੁਧਾਰਵਾਦੀ ਆਗੂ ਅਤੇ ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨ੍ਹਣ ਵਾਲੇ ਵਿਦਵਾਨ ਗਿਆਨੀ ਦਿੱਤ ਸਿੰਘ ਦਾ ਅਕਾਲ ਚਲਾਣਾ 6 ਸਤੰਬਰ, 1901 ਵਾਲੇ ਦਿਨ ਜਿਗਰ ਦੀ ਬੀਮਾਰੀ ਕਾਰਣ ਹੋਇਆ।
ਗਿਆਨੀ ਦਿੱਤ ਸਿੰਘ – ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾਹ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ (ਅੰਮ੍ਰਿਤਸਰ ਅਤੇ ਲਾਹੌਰ) ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।
ਮੁੱਖ ਪ੍ਰਾਪਤੀਆਂ :
- ਅੰਧ-ਵਿਸ਼ਵਾਸਾਂ ਤੇ ਜਾਤ-ਪਾਤ ਦਾ ਵਿਰੋਧ
- ਖਾਲਸਾ ਦੀਵਾਨ, ਅੰਮ੍ਰਿਤਸਰ ਦੀ ਸਥਾਪਨਾ
- ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚ ਸ਼ਾਮਲ
- ਦਰਬਾਰ ਸਹਿਬ ਵਿੱਚ ਮੂਰਤੀਆਂ ਹਟਵਾਉਣਾ
- ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨ੍ਹਿਆ
- ਸਾਹਿਤਕ ਰਚਨਾਵਾਂ – 72 ਪੁਸਤਕਾਂ
ਇੱਥੋਂ ਤਕ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਬਰਾਬਰ ਗੱਦੀ ਲਾ ਕੇ ਬੈਠਦੇ ਰਜਵਾੜੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਨੂੰ ਖਿੱਚ ਕੇ ਸੜਕ ’ਤੇ ਸੁੱਟਣ ਵਾਲੇ ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁੱਖ ਸਿੰਘ ਹੀ ਸਨ। ਦਰਬਾਰ ਸਾਹਿਬ ਕੰਪਲੈਕਸ ’ਚ ਸਥਾਪਤ ਮੂਰਤੀਆਂ ਹਟਾਉਣ ਦੀ ਪਹਿਲ ਵੀ ਗਿਆਨੀ ਦਿੱਤ ਸਿੰਘ ਨੇ ਹੀ ਕੀਤੀ ਸੀ।