ਸਾਰਗ ਮਹਲਾ ੫ ॥
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਸਾਰੰਗ ਰਾਗ ਅੰਗ ੧੨੨੬ (1226)
ਸਾਰੇ ਡਰਾਂ ਦਾ ਨਾਸ ਕਰਨ ਵਾਲਾ, ਗਿਆਨ-ਗੁਰੂ, ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਸੰਸਾਰ ਜਾਣ ਲੈਂਦਾ ਹੈ, ਸਾਰੇ ਪਾਸੇ ਉਸ ਦੀ ਵਡਿਆਈ/ਤਾਰੀਫ਼ ਹੁੰਦੀ ਹੈ, ਸੋਭਾ ਕੀਤੀ ਜਾਂਦੀ ਹੈ ।
ਉਸ ਮਾਲਕ ਦੇ ਦਰ ਤੋਂ ਮੈਂ ਇਹ ਦਾਨ ਮੰਗਦਾ ਹਾਂ ਕਿ – ਇਹ ਗਿਆਨ ਵਾਲਾ ਸਬਕ, ਮੇਰੇ ਮਨ ਤੋਂ ਕਦੇ ਇਕ ਪਲ/ਖਿਨ ਵਾਸਤੇ ਵੀ, ਨਾਹ ਵਿਸਰੇ ।
06 ਅਕਤੂਬਰ, 1963 : ਬਾਬਾ ਖੜਕ ਸਿੰਘ ਦਾ ਅਕਾਲ ਚਲਾਣਾ
ਬਾਬਾ ਖੜਕ ਸਿੰਘ ਸਿੱਖਾਂ ਦੇ ਇੱਕ ਅਜਿਹੇ ਰਾਜਨੀਤਿਕ ਆਗੂ ਸਨ ਜਿਨ੍ਹਾ ਨੂੰ ਉਨ੍ਹਾਂ ਦੇ ਦ੍ਰਿੜ੍ਹ ਇਰਾਦਿਆਂ ਕਾਰਣ ਹਮੇਸ਼ਾਂ ਜਾਣਿਆ ਜਾਂਦਾ ਰਿਹਾ ਹੈ। ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਵੀ ਮਾਣ ਹਾਸਲ ਹੈ।
ਜਲ੍ਹਿਆਂਵਾਲਾ ਬਾਗ਼ ਦਾ ਖੂਨੀ ਕਾਂਡ ਹਰ ਭਾਰਤੀ ਦੇ ਦਿਲ ਨੂੰ ਝੰਜੋੜਨ ਵਾਲਾ ਸਾਬਤ ਹੋਇਆ। ਇਸ ਖੂਨੀ ਸਾਕੇ ਵਿੱਚ ਬੇਗੁਨਾਹ ਭਾਰਤੀਆਂ ਦੇ ਹੋਏ ਕਤਲੇਆਮ ਨੇ ਬਾਬਾ ਖੜਕ ਸਿੰਘ ਦੇ ਮਨ ਵਿੱਚ ਅਜਿਹਾ ਅਸਰ ਕੀਤਾ ਕੇ ਆਪ ਸਰਗਰਮ ਰਾਜਨੀਤੀ ਦੇ ਮੈਦਾਨ ਵਿੱਚ ਆ ਨਿੱਤਰੇ। ਇਸ ਤੋਂ ਬਾਅਦ ਇਨਸਾਫ ਦੀ ਜੰਗ ਵਿਚ ਕੌਮ ਵੱਲੋਂ ਲੱਗੇ ਹਰ ਮੋਰਚੇ ਵਿੱਚ ਮੋਹਰੀ ਹੋਣ ਕਾਰਨ ਆਪ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ।
6 ਅਕਤੂਬਰ, 1963 ਵਾਲੇ ਦਿਨ ਸਿੱਖ ਕੌਮ ਦੇ ਸਿਰਮੌਰ ਆਗੂ ਬਾਬਾ ਖੜਕ ਸਿੰਘ, 95 ਵਰ੍ਹੇ ਦੀ ਉਮਰ ਭੋਗ ਕੇ, ਇਸ ਸੰਸਾਰ ਤੋਂ ਚਲਾਣਾ ਕਰ ਗਏ।