ਮਃ ੫ ॥

ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੨੩ (323)

ਉਸ ਮਾਲਕ ਨੇ ਨਾਮ ਦੀ ਦਾਤਿ ਦੇ ਕੇ ਮੈਨੂੰ ਨੂੰ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ। ਆਪ ਹੀ ਸਾਰੇ ਕੰਮ ਸਵਾਰੇ ਹਨ ਤੇ ਆਪਣੇ ਸਾਰੇ ਸੱਚੇ ਸਿੱਖ ਵਿਕਾਰਾਂ ਤੋਂ ਬਚਾ ਲਏ ਹਨ ।

ਮਾਨੋ ਗੁਰੂ ਦੇ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਹੀ ਪਟਕਾ ਕੇ ਧਰਤੀ ਤੇ ਮਾਰਿਆ ਹੈ, ਅਰਥਾਤ ਉਹਨਾਂ ਦੇ ਹੰਕਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

ਗੁਰੂ ਸਾਹਿਬ ਅਨੁਸਾਰ ਸਾਡਾ ਮਾਲਕ ਇਤਨਾ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ਆਪਣੇ ਕੁਦਰਤੀ ਨਿਯਮ ਵਿਚ ਜੋੜ ਕੇ ਉਹਨਾਂ ਦੇ ਜੀਵਨ ਸੰਵਾਰ ਦਿੱਤੇ ਹਨ ।


6 ਮਈ, 1664 : ਜਨਮ – ਸ਼ਹੀਦ ਭਾਈ ਬਚਿੱਤਰ ਸਿੰਘ

ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ, ਪਿੰਡ ਪਧਿਆਣਾ ਵਿਖੇ 6 ਮਈ, 1664 ਵਾਲੇ ਦਿਨ ਹੋਇਆ ਸੀ। ਭਾਈ ਸਾਹਿਬ ਰਾਜਪੂਤ ਘਰਾਣੇ ਦੇ ਮਿਨਹਾਸ ਖ਼ਾਨਦਾਨ ਚੋਂ ਸਨ। ਆਪ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ ਵਿੱਚੋ ਦੂਜੇ ਨੰਬਰ ਤੇ ਸਨ।

ਅਨੰਦਪੁਰ ਸਾਹਿਬ ਦੀ ਦੂਜੀ ਜੰਗ ਦੇ ਮੌਕੇ 1 ਸਤੰਬਰ, 1700 ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਮਣਾਂ ਦੀ ਵਿਉਂਤ ਦੀ ਖਬਰ ਮਿਲੀ ਕਿ ਅਨੰਦਗੜ੍ਹ ਕਿਲ੍ਹੇ ਦੇ ਮੁੱਖ ਦਰਵਾਜ਼ੇ ਨੂੰ ਤੋੜਨ ਦੇ ਲਈ ਪਹਾੜੀ ਰਾਜਿਆਂ ਨੇ ਇਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿਚ ਮਸਤ ਕਰਕੇ ਕਿਲ੍ਹੇ ਵੱਲ ਭੇਜਿਆ ਹੈ।

ਗੁਰੂ ਜੀ ਦੇ ਹੁਕਮ ਨਾਲ ਭਾਈ ਬਚਿੱਤਰ ਸਿੰਘ ਹੱਥ ਵਿਚ ਨਾਗਣੀ-ਬਰਛਾ ਫੜ ਕਿਲ੍ਹੇ ਚੋਂ ਬਾਹਰ ਨਿਕਲ ਗਏ । ਭਾਈ ਬਚਿੱਤਰ ਸਿੰਘ ਨੇ ਨਸ਼ੇ ਵਿਚ ਮਦਮਸਤ ਹਾਥੀ ਦੇ ਮੱਥੇ ਵਿਚ ਨਾਗਣੀ ਬਰਛੇ ਦਾ ਐਸਾ ਜ਼ੋਰਦਾਰ ਵਾਰ ਕੀਤਾ ਕਿ ਉਹ ਆਪਣੀ ਹੀ ਫੌਜਾਂ ਨੂੰ ਲਤਾੜਦਾ ਹੋਇਆ ਪਿਛਾਂਹ ਵੱਲ ਨੂੰ ਭੱਜ ਪਿਆ। ਪਹਾੜੀ ਰਾਜਿਆਂ ਦੀ ਫੌਜ ਉੱਥੇ ਹੀ ਚਿੱਤ ਹੋ ਗਈ।