ਸਲੋਕ ਮਃ ੩ ॥

ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਰਾਮਕਲੀ  ਅੰਗ ੯੫੩ (953)

ਮੂਰਖ ਦਾ ਕਿਹਾ ਉਹੀ ਸੁਣਦਾ ਹੈ ਭਾਵ, ਮੂਰਖ ਦੇ ਆਖੇ ਉਹੀ ਲੱਗਦਾ ਹੈ, ਜੋ ਆਪ ਮੂਰਖ ਹੋਵੇ ।

ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ?

ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ ।

ਮਾਇਆ ਦੀ ਮਸਤੀ ਤੇ ਅਹੰਕਾਰ ਵਿਚ ਜੋ ਕੁਝ ਕਰੀਏ ਉਸ ਨਾਲ ਸਦਾ ਦੁੱਖ ਪ੍ਰਾਪਤ ਹੁੰਦਾ ਹੈ ਸਦਾ ਦੁਖੀ ਰਹੀਦਾ ਹੈ ।

ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ ।

ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ;

ਉਹ ਨਾਮ ਜਪਦਾ ਹੈ, ਨਾਮ ਦੀ ਬਰਕਤਿ ਨਾਲ ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਉਸਦੇ ਸਾਥੀ ਭੀ ਡੁੱਬਣ ਤੋਂ ਬਚ ਨਿਕਲਦੇ ਹਨ ।

ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਜੋ ਕੁਝ ਮਾਲਕ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ। ਮਾਇਆ ਦੇ ਮੋਹ ਵਿਚ ਪੈ ਕੇ ਦੁੱਖ ਜਾਂ ਇਸ ਤੋਂ ਅਲੋਪ ਰਹਿ ਕੇ ਸੁਖ, ਜੋ ਕੁਝ ਮਾਲਕ ਦੇਂਦਾ ਹੈ ਉਹੀ ਜੀਵ ਸਹਾਰਦਾ ਹੈ ।


6 ਜੂਨ, 1984 : ਸਾਕਾ ਨੀਲਾ ਤਾਰਾ ਦਾ ਛੇਵਾਂ ਦਿਨ

ਇਹ ਦਿਨ ਦੋਵਾਂ ਪਾਸਿਆਂ ਤੋਂ ਹੋਈ ਲੜਾਈ ਦਾ ਆਖਰੀ ਦਿਨ ਸੀ। ਫੌਜਾਂ ਨੇ ਟੈਂਕਾਂ ਨਾਲ ਤਬਾਹਕੁੰਨ ਹਮਲਾ ਹੋਣ ਕਰਕੇ ਅਕਾਲ ਤਖ਼ਤ ਦਾ ਵੱਡਾ ਹਿੱਸਾ ਢਹਿ ਗਿਆ ਸੀ।

ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ, ਪਾਣੀ ਲਾਲ ਹੋ ਗਿਆ ਸੀ, ਜ਼ਖ਼ਮੀ ਕੁਰਲਾ ਰਹੇ ਸੀ, ਬਚੇ ਹੋਏ ਸਿੰਘ-ਸਿੰਘਣੀਆਂ ਨੂੰ ਫੌਜ ਨੇ ਬੰਦੀ ਬਣਾ ਕੇ ਪਰਿਕਰਮਾ ਵਿੱਚ ਬਿਠਾ ਲਿਆ।

ਕਿਸੇ ਨੂੰ ਵੀ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਗਰਮੀ ਕਾਰਨ ਸਾਰਿਆਂ ਦਾ ਬੁਰਾ ਹਾਲ ਸੀ ਕਿ ਅਚਾਨਕ ਇੱਕ ਬੰਬ ਨੇ ਪਰਿਕਰਮਾ ਵਿੱਚ ਬੈਠੀ ਸਾਰੀ ਸੰਗਤ ਦੇ ਚੀਥੜੇ ਉਡਾ ਦਿੱਤੇ।