ਮਃ ੫ ॥

ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਰਾਮਕਲੀ  ਅੰਗ ੯੬੨ (962)

ਸੱਚੇ ਮਾਲਕ ਦੀ ਸਿਫ਼ਤਿ-ਸਾਲਾਹ ਕੀਤਿਆਂ ਸਦਾ ਹੀ ਆਤਮਿਕ ਆਨੰਦ, ਸੁਖ ਤੇ ਸ਼ਾਂਤੀ ਬਣੀ ਰਹਿੰਦੀ ਹੈ । ਜੇਕਰ ਅਸੀਂ ਬੇਲੋੜੀ ਚਤੁਰਾਈਆਂ ਛੱਡ ਦਈਏ, ਤਾਂ ਨਾਮ ਦੀ ਬਰਕਤਿ ਨਾਲ ਇਸ ਭਿਆਨਕ ਸਮੁੰਦਰ ਰੂਪੀ ਸੰਸਾਰ ਤੋਂ ਤਰ ਜਾਵਾਂਗੇ ।


6 ਜੁਲਾਈ, 1799 : ਲਾਹੌਰ ਦੇ ਸ਼ਹਿਰੀਆਂ ਦੀ ਅਪੀਲ ਤੇ ਰਣਜੀਤ ਸਿੰਘ ਨੇ ਲਾਹੌਰ ਵੱਲ ਚਾਲੇ ਪਾਏ

ਲਾਹੌਰ ਸ਼ਹਿਰ ਮੁਗ਼ਲ ਬਾਦਸ਼ਾਹ ਬਾਬਰ ਦੇ ਵੇਲੇ ਤੋਂ ਹੀ ਮੁਗ਼ਲੀਆ ਸਲਤਨਤ ਦਾ ਹਿੱਸਾ ਸੀ। ਸੰਨ 1797 ਵਿਚ ਲਾਹੌਰ ਸ਼ਹਿਰ ਜ਼ਮਾਨ-ਸ਼ਾਹ ਦੇ ਕਬਜ਼ੇ ਹੇਠ ਆਇਆ, ਪਰ ਜ਼ਮਾਨ-ਸ਼ਾਹ ਦੇ ਅਫ਼ਗ਼ਾਨਿਸਤਾਨ ਪਰਤਣ ਮਗਰੋਂ ਭੰਗੀ ਮਿਸਲ ਦੇ ਸਰਦਾਰਾਂ, ਚਿੱਤ ਸਿੰਘ, ਸਾਹਿਬ ਸਿੰਘ ਤੇ ਮੁਹਾਰ ਸਿੰਘ ਨੇ ਸ਼ਹਿਰ ਤੇ ਕਬਜ਼ਾ ਮਾਰ ਲਿਆ। ਇਨ੍ਹਾਂ ‘ਚ ਹਕੂਮਤ ਕਰਨ ਦੀ ਕਾਬਲੀਅਤ ਨਹੀਂ ਸੀ। ਇਨ੍ਹਾਂ ਨੂੰ ਭੰਗੀ ਵੀ ਇਸ ਲਈ ਆਖਿਆ ਜਾਂਦਾ ਸੀ ਕਿਉਂਕਿ ਇਹ ਹਰ ਵੇਲੇ ਭੰਗ ਦੇ ਨਸ਼ੇ ‘ਚ ਰਹਿੰਦੇ ਸਨ।

ਮੁਸਲਮਾਨਾਂ ਦਾ ਸ਼ਹਿਰ ਤੇ ਚੰਗਾ ਭਲਾ ਅਸਰ ਤੇ ਰਸੂਖ਼ ਸੀ। ਮੀਆਂ ਇਸਹਾਕ ਮੁਹੰਮਦ ਤੇ ਮੀਆਂ ਮੁਕਾਮਦੀਨ ਬਹੁਤ ਤਾਕਤਵਰ ਸਨ ਤੇ ਲੋਕਾਂ ਤੇ ਵੀ ਇਨ੍ਹਾਂ ਦਾ ਕਾਫ਼ੀ ਅਸਰ ਰਸੂਖ਼ ਸੀ। ਸ਼ਹਿਰ ਦੇ ਹਰ ਮਾਮਲਿਆਂ ‘ਚ ਇਨ੍ਹਾਂ ਦਾ ਮਸ਼ਵਰਾ ਲਿਆ ਜਾਂਦਾ ਸੀ।

ਰਣਜੀਤ ਸਿੰਘ ਦੀ ਸ਼ੋਹਰਤ ਦੇ ਚਰਚੇ ਹੁਣ ਲਾਹੌਰ ਵੀ ਪਹੁੰਚ ਗਏ ਸਨ। ਭੰਗੀ ਸਰਦਾਰਾਂ ਦੀ ਹੁਕਮਰਾਨੀ ਤੋਂ ਤੰਗ ਚੁੱਕੇ ਸ਼ਹਿਰ ਦੇ ਮੁਸਲਮਾਨਾਂ, ਸਿੱਖਾਂ, ਤੇ ਹਿੰਦੂਆਂ ਨੇ ਰਣਜੀਤ ਸਿੰਘ ਨੂੰ ਮਦਦ ਲਈ ਅਪੀਲ ਕਰਨ ਦਾ ਫੈਸਲਾ ਕੀਤਾ। ਇੱਕ ਅਰਜ਼ੀ ਲਿਖੀ ਗਈ ਜਿਸ ਤੇ ਮੀਆਂ ਇਸਹਾਕ ਮੁਹੰਮਦ, ਮੀਆਂ ਮੁਕਾਮਦੀਨ, ਮੁਹੰਮਦ ਤਾਹਿਰ, ਮੁਹੰਮਦ ਬਾਕਿਰ, ਹਕੀਮ ਰਾਏ ਤੇ ਭਾਈ ਗੁਰਬਖ਼ਸ਼ ਸਿੰਘ ਨੇ ਦਸਤਖ਼ਤ ਕੀਤੇ। ਇਹ ਅਰਜ਼ੀ ਮਿਲਣ ਪਿੱਛੋਂ ਰਣਜੀਤ ਸਿੰਘ ਆਪਣੀ 25,000 ਦੀ ਫ਼ੌਜ ਨਾਲ਼ 6 ਜੁਲਾਈ, 1799 ਨੂੰ ਲਾਹੌਰ ਵੱਲ ਟੁਰ ਪਿਆ।