ਸਿਰੀਰਾਗੁ ਮਹਲੁ ੧ ॥

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥

 ਮਹਲਾ ੧ : ਗੁਰੂ ਨਾਨਕ ਸਾਹਿਬ ਜੀ
 ਸਿਰੀ ਰਾਗ  ਅੰਗ ੧੬

ਹੇ ਭਾਈ ! ਮਾਇਆ ਦਾ ਮੋਹ ਸਾੜ ਦੇ, ਫਿਰ ਉਸ ਨੂੰ ਘਸਾ ਕੇ ਸਿਆਹੀ ਬਣਾ। ਆਪਣੀ ਅਕਲ ਨੂੰ ਸੋਹਣਾ ਕਾਗ਼ਜ਼ ਬਣਾ, ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ । ਗੁਰੂ ਦੀ ਸਿਖਿਆ ਲੈ ਕੇ ਕੁਦਰਤਿ ਦੇ ਗੁਣਾਂ ਦੀ ਵਿਚਾਰ ਕਰ । ਸੱਚੇ ਗਿਆਨ ਗੁਰੂ ਦਾ ਨਾਮ ਲਿਖ, ਉਸਦੀ ਸਿਫ਼ਤਿ-ਸਾਲਾਹ ਲਿਖ । ਇਹ ਵੀ ਲਿਖ ਕਿ ਕਿਵੇਂ ਇਸ ਅਥਾਹ ਗਿਆਨ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕੀਦਾ ।


6 ਫਰਵਰੀ, 1926 : ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰ ਸ਼ਬਦ ਰਤਨਾਕਰ – ਮਹਾਨ ਕੋਸ਼’ ਤਿਆਰ ਕੀਤਾ

ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰ ਸ਼ਬਦ ਰਤਨਾਕਰ – ਮਹਾਨ ਕੋਸ਼’ ਤਿਆਰ ਕਰਨ ਦੀ ਯੋਜਨਾ 1912 ਵਿੱਚ ਬਣਾਈ ਅਤੇ 20 ਮਈ, 1912 ਨੂੰ ਕੰਮ ਸ਼ੁਰੂ ਕੀਤਾ । ਲਗਭਗ 14 ਸਾਲ ਦੀ ਅਣਥਕ ਮਿਹਨਤ ਤੋਂ ਬਾਦ 6 ਫਰਵਰੀ, 1926 ਨੂੰ ਇਹ ਕੰਮ ਪੂਰਾ ਹੋਇਆ ।

ਇਸ ਕੋਸ਼ ਵਿਚ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਧਰਮ ਦੇ ਹੋਰ ਇਤਿਹਾਸਕ ਸਰੋਤਾਂ ਅਤੇ ਸਾਹਿਤਿਕ ਰਚਨਾਵਾਂ ਦੀ ਸ਼ਬਦਾਵਲੀ, ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਵਿਸ਼ਾ ਬਣਾਇਆ ਗਿਆ ਹੈ ।