ਸਲੋਕੁ ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ, ਰਾਗ ਗਉੜੀ ਅੰਗ ੨੫੮ (258)
ਜੇ ਆਪਣੇ ਮਨ ਨੂੰ ਜਿੱਤ ਲਈਏ, ਵੱਸ ਵਿਚ ਕਰ ਲਈਏ, ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿਛੇ ਭਟਕਣਾ ਮੁੱਕ ਜਾਂਦੀ ਹੈ ।
ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ।
6 ਦਸੰਬਰ, 1705 : ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ
6 ਦਸੰਬਰ, 1705 ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਸੀ।
5 ਅਤੇ 6 ਦਸੰਬਰ ਦੀ ਅਤਿ-ਠੰਡੀ ਦਰਮਿਆਨੀ ਰਾਤ ਬੀਤ ਚੱਲੀ ਸੀ। 6 ਦਸੰਬਰ ਅੰਮ੍ਰਿਤ ਵੇਲਾ ਹੋਣ ਲੱਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ (ਹੁਣ ਅਨੰਦਪੁਰ) ਦੇ ਗੁਰਦੁਆਰਾ ਸੀਸ ਗੰਜ ਵਾਲੀ ਥਾਂ ‘ਤੇ ਪੁੱਜੇ।
ਭਾਈ ਗੁਰਬਖ਼ਸ਼ ਨੂੰ ਗੁਰੂ ਜੀ ਨੇ ਇਸ ਜਗ੍ਹਾ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਆਪ ਗੁਰੂ ਜੀ ਸਿੰਘਾਂ ਸਮੇਤ ਅਨੰਦਗੜ੍ਹ ਦੇ ਕਿਲ੍ਹੇ ਆ ਗਏ।