ਸੂਹੀ ਮਹਲਾ ੫ ॥

ਤਉ ਮੈ ਆਇਆ ਸਰਨੀ ਆਇਆ ॥
ਭਰੋਸੈ ਆਇਆ ਕਿਰਪਾ ਆਇਆ ॥
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
ਮਹਾ ਦੁਤਰੁ ਮਾਇਆ ॥
ਜੈਸੇ ਪਵਨੁ ਝੁਲਾਇਆ ॥੧॥
ਸੁਨਿ ਸੁਨਿ ਹੀ ਡਰਾਇਆ ॥
ਕਰਰੋ ਧ੍ਰਮਰਾਇਆ ॥੨॥
ਗ੍ਰਿਹ ਅੰਧ ਕੂਪਾਇਆ ॥
ਪਾਵਕੁ ਸਗਰਾਇਆ ॥੩॥
ਗਹੀ ਓਟ ਸਾਧਾਇਆ ॥
ਨਾਨਕ ਹਰਿ ਧਿਆਇਆ ॥
ਅਬ ਮੈ ਪੂਰਾ ਪਾਇਆ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਸੂਹੀ  ਅੰਗ ੭੪੬ (746)

ਮੇਰੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। ਮੈਨੂੰ ਤੇਰੇ ਦਰ ਤੇ ਗੁਰੂ ਨੇ ਭੇਜਿਆ ਹੈ, ਮੈਨੂੰ ਤੇਰੇ ਦਰ ਦਾ ਰਸਤਾ ਗੁਰੂ ਨੇ ਵਿਖਾਇਆ ਹੈ।

ਜਿਵੇਂ ਤੇਜ਼ ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ। ਇਹ ਇਕ ਵੱਡਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।

ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰਦਾ ਰਿਹਾ ਕਿ ਧਰਮਰਾਜ ਬੜਾ ਕਰੜਾ ਹਾਕਮ ਹੈ। ਇਹ ਸੰਸਾਰ ਇਕ ਅੰਨ੍ਹਾ ਖੂਹ ਹੈ ਇਸ ਵਿਚ ਸਾਰੀ ਤ੍ਰਿਸ਼ਨਾ ਦੀ ਅੱਗ ਹੀ ਅੱਗ ਹੈ ।

ਪਰ ਜਦੋਂ ਤੋਂ ਮੈਂ ਆਪਣੇ ਗੁਰੂ ਦਾ ਆਸਰਾ ਲਿਆ ਹੈ ਮੈਂ ਇਕੋ ਸੱਚਾ ਨਾਮ ਸਿਮਰ ਰਿਹਾ ਹਾਂ ਜਿਸ ਰਾਂਹੀ ਮੈਨੂੰ ਪੂਰਨ ਗਿਆਨ ਲੱਭ ਪਿਆ ਹੈ ।


6 ਅਪ੍ਰੈਲ, 1606 : ਸ਼ਹਿਜ਼ਾਦਾ ਖੁਸਰੋ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿਚ ਤਰਨਤਾਰਨ ਆਇਆ

ਸ਼ਹਿਜ਼ਾਦਾ ਖੁਸਰੋ ਮੁਗ਼ਲ ਬਾਦਸ਼ਾਹ ਅਕਬਰ ਦਾ ਪੋਤਾ ਸੀ, ਤੇ ਸ਼ਹਿਜ਼ਾਦਾ ਸਲੀਮ (ਜਹਾਂਗੀਰ) ਦਾ ਸਭ ਤੋਂ ਵੱਡਾ ਸ਼ਹਿਜ਼ਾਦਾ ਸੀ। ਅਕਬਰ ਆਪਣੇ ਪੋਤੇ ਖੁਸਰੋ ਨੂੰ ਬਹੁਤ ਚਾਹੁੰਦਾ ਸੀ, ਤੇ ਉਸਨੂੰ ਆਪਣੀ ਗੱਦੀ ਦਾ ਵਾਰਸ ਮੰਨਦਾ ਸੀ। ਪਰ ਰਾਜ ਸਿੰਘਾਸਨ ਹਾਸਲ ਕਰਨ ਲਈ ਸ਼ਹਿਜ਼ਾਦਾ ਸਲੀਮ ਦਾ ਆਪਣੇ ਪੁੱਤਰ ਖੁਸਰੋ ਨਾਲ ਤਨਾਓ ਸ਼ੁਰੂ ਹੋ ਗਿਆ। ਜਦੋਂ ਅਕਤੂਬਰ, 1605 ਵਿਚ ਅਕਬਰ ਦੀ ਮੌਤ ਤੋਂ ਪਿੱਛੋਂ ਸ਼ਲੀਮ ਬਾਦਸ਼ਾਹ ਜਹਾਂਗੀਰ ਬਣਿਆ, ਤਾਂ ਉਸ ਨੇ ਖੁਸਰੇ ਉਤੇ ਆਗਰੇ ਵਿਚ ਕੜੀ ਨਿਗਰਾਨੀ ਰਖਣੀ ਸ਼ੁਰੂ ਕਰ ਦਿੱਤੀ।

6 ਅਪ੍ਰੈਲ, 1606 ਨੂੰ ਖੁਸਰੋ ਆਪਣੇ ਸਾਥੀਆਂ ਸਮੇਤ ਲਾਹੌਰ ਵਲ ਭਜ ਗਿਆ। ਸਿੱਖ ਇਤਿਹਾਸ ਅਨੁਸਾਰ ਉਹ ਤਰਨਤਾਰਨ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿਚ ਆਇਆ ਅਤੇ ਅਸੀਸ ਦੀ ਇੱਛਾ ਪ੍ਰਗਟ ਕੀਤੀ। ਬਾਅਦ ਵਿਚ ਇਹ ਲਾਹੌਰ ਵਲ ਚਲਾ ਗਿਆ ਪਰ ਉਸ ਲਾਹੌਰ ਦੇ ਸੂਬੇਦਾਰ ਨੇ ਇਸ ਨੂੰ ਲਾਹੌਰ ਵਿਚ ਦਾਖ਼ਲ ਨ ਹੋਣ ਦਿੱਤਾ। ਚਨਾਬ ਦਰਿਆ ਪਾਰ ਕਰਦਿਆਂ ਖੁਸਰੋ ਨੂੰ ਪਕੜ ਲਿਆ ਗਿਆ।

ਖੁਸਰੋ ਦੇ ਗੁਰੂ ਅਰਜਨ ਦੇਵ ਪਾਸ ਆਉਣ ਦੀ ਗੱਲ ਨੂੰ ਵਿਰੋਧੀਆਂ, ਖ਼ਾਸ ਕਰਕੇ ਚੰਦੂ, ਨੇ ਬਹੁਤ ਉਛਾਲਿਆ ਅਤੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ। ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਕੈਦ ਕਰ ਕੇ ਅਨੇਕ ਪ੍ਰਕਾਰ ਦੇ ਤਸੀਹੇ ਦਿੰਦਿਆਂ 30 ਮਈ, 1606 ਨੂੰ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਕਾਰਣਾਂ ਵਿਚੋਂ ਇਕ ਕਾਰਣ ਖੁਸਰੋ ਦਾ ਗੁਰੂ ਜੀ ਦੀ ਸ਼ਰਣ ਵਿਚ ਆਉਣਾ ਵੀ ਹੈ।