ਮਃ ੧ ॥

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਆਸਾ  ਅੰਗ ੪੬੯ (469)

ਜਿਵੇਂ ਪਾਣੀ ਘੜੇ (ਜਾਂ ਹੋਰ ਭਾਂਡੇ) ਵਿਚ ਹੀ ਬੱਝਾ ਹੋਇਆ ਭਾਵ ਪਿਆ ਹੋਇਆ ਹੀ, ਇਕ ਥਾਂ ਟਿਕਿਆ ਰਹਿ ਸਕਦਾ ਹੈ, ਤਿਵੇਂ ਹੀ ਗੁਰੂ ਦੇ ਗਿਆਨ ਰੂਪੀ ਸਬਕ ਦਾ ਬੱਝਾ ਹੋਇਆ ਹੀ ਮਨ ਇਕ ਥਾਂ ਟਿਕਿਆ ਰਹਿ ਸਕਦਾ ਹੈ, ਭਾਵ, ਵਿਕਾਰਾਂ ਵਲ ਨਹੀਂ ਦੌੜਦਾ ।

ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਤਿਵੇਂ ਹੀ ਗੁਰੂ ਤੋਂ ਬਿਨਾ ਗਿਆਨ ਹਾਸਿਲ ਨਹੀਂ ਹੋ ਸਕਦਾ ।


05 ਸਤੰਬਰ, 1922 : ਜਥੇਦਾਰ ਪ੍ਰਿਥੀਪਾਲ ਸਿੰਘ 101 ਸਿੰਘਾਂ ਦਾ ਜੱਥਾ ਲੈਕੇ ਗੁਰੂ ਕੇ ਬਾਗ ਵਾਸਤੇ ਰਵਾਨਾ ਹੋਏ

ਪ੍ਰਿਥੀਪਾਲ ਸਿੰਘ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰਬਰ 57 ਦੇ ਸੂਰਬੀਰ ਨੌਜਵਾਨ ਸਨ। ਉਨ੍ਹਾਂ ਦੀ ਕਮਾਨ ਹੇਠ 101 ਸਿੰਘਾਂ ਦਾ ਜੱਥਾ ਸੀ। ਗੁਰੂ ਕੇ ਬਾਗ ਵੱਲ ਚੱਲਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਵੀ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪੁੱਜਣ ਲੱਗੇ।

ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਰਾਏ ਕਰਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। ਸਿੰਘਾਂ ਦੀ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ।

ਜਥੇਦਾਰ ਪ੍ਰਿਥੀਪਾਲ ਸਿੰਘ ਦੇ ਸਰੀਰ ਉੱਤੇ 19 ਵੱਡੇ ਤੇ ਲਗਭਗ 100 ਛੋਟੇ ਜ਼ਖ਼ਮ ਲੱਗੇ । ਪਰ ਉਹ ਉਥੇ ਮੋਰਚੇ ਵਿਚ ਹੀ ਡਟੇ ਰਹੇ ।