ਸਾਰਗ ਮਹਲਾ ੫ ॥
…
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥
ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਸਾਰੰਗ ਰਾਗ ਅੰਗ ੧੨੨੬ (1226)
ਜੋਗ ਕਰਨ ਵਾਲੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਸਾਰੇ ਜੋਗੀ-ਯੋਗੀ, ਰਿਸ਼ੀ-ਮੁਨੀ, ਸਾਧੂ ਵਗ਼ੈਰਾ ਸੱਭ ਆਪੋ-ਆਪਣੇ ਢੰਗ ਨਾਲ ਪਰਮਾਤਮਾ ਨਾਲ ਮਿਲਾਪ ਦੀ ਤਾਂਘ ਕਰਦੇ ਆ ਰਹੇ ਹਨ, ਪਰ ਅਸਲ ਵਿਚ ਕਿਸੇ ਵਿਰਲੇ ਦੀ ਸੁਰਤਿ ਹੀ ਉਸ ਇੱਕੋ ਵਿਚ ਜੁੜਦੀ ਹੈ ।
ਜਿਸ ਉਤੇ ਗੁਰਮਤਿ ਗਿਆਨ ਦਾ ਸੁਆਮੀ/ਮਾਲਕ ਮੇਰਾ ਸਤਿਗੁਰੂ ਆਪ ਦਇਆਵਾਨ ਹੁੰਦਾ ਹੈ, ਉਸ ਦਾ ਇਹ ਕੰਮ ਛੇਤੀ ਤੇ ਸੋਖਾ ਹੀ ਸਿਰੇ ਚੜ੍ਹ ਜਾਵੇਗਾ ।
ਭਾਵ : ਗਿਆਨ-ਗੁਰੂ ਦੀ ਪ੍ਰਾਪਤੀ ਲਈ, ਸਰੀਰ ਨੂੰ ਔਖਾ ਕਰਨ ਵਾਲੀ ਸਾਧਨਾਂ ਕਰਨ ਨਾਲੋਂ ਸ਼ੁੱਧ ਹਿਰਦੇ ਅਤੇ ਸਪਸ਼ੱਟ ਵੀਚਾਰ ਰਾਂਹੀ ਸੁਰਤਿ ਟਿਕਾਣ ਦਾ ਹੀ ਵਧੇਰੇ ਲਾਭ ਹੈ । ਆਪਣੀ ਸੁਰਤਿ ਟਿਕਾਏ ਬਿਨ੍ਹਾਂ ਜੀਵਨ ਦੇ ਕਿਸੇ ਵੀ ਕਾਰਜ ਵਿਚ ਸਫ਼ਲਤਾ ਸੰਭਵ ਨਹੀਂ ।
05 ਅਕਤੂਬਰ, 1920 : ਗੁਰਦੁਆਰਾ ਬਾਬੇ ਦੀ ਬੇਰ (ਸਿਆਲਕੋਟ) ਦਾ ਪ੍ਰਬੰਧ ਸਿੱਖਾਂ ਨੇ ਸੰਭਾਲਿਆ
ਗੁਰੂ ਕਾਲ ਦੇ ਅੰਤਲੇ ਦੌਰ ਤੋਂ ਹੀ ਪੁਜਾਰੀ ਵਰਗ ਨੇ ਇਤਿਹਾਸਕ ਗੁਰ-ਅਸਥਾਨਾਂ, ਗੁਰਦੁਆਰਿਆਂ ਆਦਿ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਲਿਆ ਸੀ। ਇਹ ਪੁਜਾਰੀ ਤੇ ਮਹੰਤ ਗੁਰਦੁਆਰਿਆਂ ਦੀ ਆਮਦਨ ਨੂੰ ਆਪਣੀ ਨਿੱਜੀ ਆਮਦਨ ਸਮਝ ਕੇ ਆਪਣੀ ਅੱਯਾਸ਼ੀ ਲਈ ਵਰਤਦੇ ਸਨ।
5 ਅਕਤੂਬਰ, 1920 ਵਾਲੇ ਦਿਨ, ਸਿਆਲਕੋਟ (ਹੁਣ ਪੱਛਮੀ-ਪੰਜਾਬ ਦਾ ਹਿੱਸਾ) ਵਿਖੇ ਗੁਰਦੁਆਰਾ ਬਾਬੇ ਦੀ ਬੇਰ ਦਾ ਪ੍ਰਬੰਧ ਸਿੰਘਾ ਵਲੋਂ ਆਪਣੇ ਹੱਥਾਂ ਵਿੱਚ ਲੈ ਲਿਆ ਗਿਆ।
ਇਸ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ ਦੀ ਲਹਿਰ ਦੌੜ ਗਈ, ਅਤੇ ਗੁਰੂਘਰਾਂ ਨੂੰ ਪੁਜਾਰੀ ਜਮਾਤ ਤੋਂ ਆਜ਼ਾਦ ਕਰਵਾਉਣ ਦਾ ਸਿਲਸਿਲਾ ਹੀ ਤੁਰ ਪਿਆ। ਇੱਕ ਤੋਂ ਬਾਅਦ ਇੱਕ ਗੁਰਦੁਆਰੇ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ । ਮਹੰਤਾਂ ਅਤੇ ਪੁਜਾਰੀ ਜਮਾਤ ਨੂੰ ਡਰ ਸਤਾਉਣ ਲੱਗ ਗਿਆ ਕਿ ਹੁਣ ਇਨ੍ਹਾਂ ਪਾਸੋਂ ਗੁਰਦੁਆਰਿਆਂ ਦਾ ਪ੍ਰਬੰਧ ਹੱਥੋਂ ਚਲਾ ਜਾਵੇਗਾ, ਜਿਸਦੇ ਨਤੀਜੇ ਵੱਜੋਂ ਉਥੋਂ ਦੀ ਗੋਲਕਾਂ ਅਤੇ ਜਾਇਦਾਦਾਂ ਉਤੇ ਐਸ਼ ਕਰਨ ਦਾ ਮੌਕਾ ਵੀ ਚਲਾ ਜਾਵੇਗਾ।
ਇਸੇ ਹੀ ਦੌਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਰਾਂਹੀ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦਕ ਪ੍ਰਾਪਤੀ ਹੋਈ।