ਸਭੁ ਕੋ ਆਸੈ ਤੇਰੀ ਬੈਠਾ ॥
ਘਟ ਘਟ ਅੰਤਰਿ ਤੂੰਹੈ ਵੁਠਾ ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਮਾਝ  ਅੰਗ ੯੭ (97)

ਹੇ ਸਤਿਗੁਰੂ ਦਾਤਾਰ ! ਹਰੇਕ ਜੀਵ ਤੇਰੀ ਬਖ਼ਸ਼ਸ਼ ਦੀ ਹੀ ਆਸ ਰੱਖੀ ਬੈਠਾ ਹੈ । ਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ । ਦੁਨੀਆ ਦੇ ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ । ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ, ਭਾਵ ਜਿਸ ਵਿਚ ਤੂੰ ਨਾਹ ਹੋਵੇਂ ।

ਸੱਭ ਜੀਵਾਂ ਵਿੱਚ ਕੁਦਰਤਿ ਰੂਪ ਪਰਮਾਤਮਾ ਨੂੰ ਦੇਖਣਾ ਹੀ ਗੁਰਸਿੱਖੀ ਦਾ ਅਹਿਮ ਅਸੂਲ ਹੈ ।


05 ਨਵੰਬਰ, 1839 : ਡੋਗਰਿਆਂ ਨੇ ਜ਼ਹਿਰ ਦੇ ਕੇ ਮਹਾਰਾਜਾ ਖੜਕ ਸਿੰਘ ਦਾ ਕਤਲ ਕੀਤਾ

ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਦਾਤਾਰ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਨੂੰ 20 ਜੂਨ, 1839 ਵਿੱਚ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਬਣਾਇਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਖੜਕ ਸਿੰਘ 1 ਸਤੰਬਰ, 1839 ਨੂੰ ਮਹਾਰਾਜਾ ਬਣਿਆ। ਕੁੱਝ ਦਿਨਾਂ ਪਿੱਛੋਂ 9 ਅਕਤੂਬਰ, 1839 ਨੂੰ ਧਿਆਨ ਸਿੰਘ ਡੋਗਰਾ ਦੀ ਸਾਜਿਸ਼ ਤਹਿਤ ਖੜਕ ਸਿੰਘ ਨੂੰ ਵੀ ਉਸ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿਤਾ ਗਿਆ ਤੇ ਨੌਨਿਹਾਲ ਸਿੰਘ ਨੂੰ ਗੱਦੀ ਉੱਤੇ ਬਿਠਾ ਦਿਤਾ। ਖੜਕ ਸਿੰਘ ਏਨਾ ਦੁਖੀ ਹੋਇਆ ਕਿ ਉਸ ਨੇ ਕਈ ਦਿਨ ਖਾਣਾ ਵੀ ਨਾ ਖਾਧਾ।

ਨਜ਼ਰਬੰਦੀ ਵਿੱਚ ਹੀ ਡੋਗਰਿਆਂ ਨੇ ਉਸ ਨੂੰ ਜ਼ਹਿਰੀਲੀ ਖ਼ੁਰਾਕ ਦੇਣੀ ਸ਼ੁਰੂ ਕਰ ਦਿਤੀ। ਇਸੇ ਘਾਤਕ ਜ਼ਹਿਰ ਕਾਰਨ 5 ਨਵੰਬਰ, 1839 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ।