ਸਲੋਕੁ ॥

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੪ (1374)

ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਜਿਵੇਂ ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ ਪੰਜ ਤੱਤ ਇਕੱਠੇ ਕਰ ਕੇ ਕੁਦਰਤਿ ਨੇ ਇਹ ਸਰੀਰ ਰਚਿਆ ਹੈ ।

ਵੇਖਣ ਨੂੰ ਸਰੀਰ ਚਾਰ-ਕੁ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ।


5 ਮਾਰਚ, 1716 : ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਲੀ ਵਿੱਚ ਸ਼ਹੀਦੀ ਸਾਕਾ

ਦਿੱਲੀ ਵਿਖੇ 5 ਮਾਰਚ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸੱਤ-ਸੌ ਤੋਂ ਵੱਧ ਸਾਥੀ ਸਿੰਘਾਂ ਦਾ ਕਤਲੇਆਮ ਸ਼ੁਰੂ ਕੀਤਾ ਗਿਆ ।

ਕੈਦੀਆਂ ਨੂੰ ਸੱਤ ਹਿੱਸਿਆਂ ‘ਚ ਵੰਡਿਆ ਗਿਆ ਅਤੇ ਹਰ ਰੋਜ਼ ਸੌ ਸਿੰਘਾਂ ਨੂੰ ਕਤਲ ਕੀਤਾ ਜਾਂਦਾ । ਹਰ ਰੋਜ਼ ਸਿੱਖਾਂ ਨੂੰ ਟੋਲੀਆਂ ‘ਚ ਕੋਤਵਾਲੀ ‘ਚ ਲਿਜਾਇਆ ਜਾਂਦਾ ਸੀ, ਜਿੱਥੇ ਉਹਨਾਂ ਨੂੰ ਇਹ ਪੇਸ਼ਕਸ਼ ਕੀਤੀ ਜਾਂਦੀ ਸੀ ਕਿ “ਸਿੱਖੀ ਦਾ ਰਾਹ ਛੱਡ ਕੇ ਅਧੀਨਗੀ ਕਬੂਲ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ।”

ਸਭਨਾਂ ਨੇ ਸ਼ਹੀਦੀ ਪਾਉਣੀ ਕਬੂਲ ਲਈ ਪਰ ਕਿਸੇ ਇੱਕ ਨੇ ਵੀ ਅਧੀਨਗੀ ਕਬੂਲ ਨਹੀਂ ਕੀਤੀ ।


.