ਸਲੋਕ ਮਃ ੩ ॥
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥
ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥ਮਹਲਾ ੩ – ਗੁਰੂ ਅਮਰਦਾਸ ਜੀ
ਸਿਰੀ ਰਾਗ ਅੰਗ ੮੬ (86)
ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਉਹ ਮਨੁੱਖ ਹੀ ਬਹਾਦੁਰ ਸੂਰਮਾ ਹੈ ਜਿਸ ਨੇ ਮਨ ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ, ਅਤੇ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਸੱਚੇ ਨਾਮ ਦੀ ਸਿਫ਼ਤਿ-ਸਾਲਾਹ ਕਰਦਿਆਂ ਆਪਣਾ ਜਨਮ ਸਫਲਾ ਕੀਤਾ ਹੈ।
ਉਹ ਸੂਰਮਾ ਆਪ ਸਦਾ ਲਈ ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਤੇ ਨਾਲ ਸਾਰੀ ਕੁਲ ਨੂੰ ਤਾਰ ਲੈਂਦਾ ਹੈ। ਸੱਚ-ਸਿਧਾਂਤ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਮਾਲਕ ਦੀ ਦਰਗਾਹ ਵਿਚ ਸੋਭਾ ਪਾਉਂਦੇ ਹਨ।
ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ, ਕਿਉਂਕਿ ਇਹਨਾਂ ਵਿਚਾਰਿਆਂ ਦੇ ਵੱਸ ਹੀ ਕੀ ਹੈ ? ਸਾਰੇ ਸੰਸਾਰ ਵਿਚ ਸੱਚ ਦਾ ਭਾਣਾ ਵਰਤ ਰਿਹਾ ਹੈ।
ਜਦੋਂ ਮਨਮੁਖ ਆਪਣੇ ਆਪੇ-ਦੀ-ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਸੱਚ ਨੂੰ ਵਿਸਾਰਦੇ ਹਨ, ਉਦੋਂ ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁੱਖ ਤਾਂ ਜਿਵੇਂ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ, ਭਾਵ – ਵਿਚਾਰੇ ਸੁਖ ਦਾ ਕਦੀ ਮੂੰਹ ਨਹੀਂ ਵੇਖ ਪਾਉਂਦੇ।
5 ਜੁਲਾਈ, 1595 : ਪ੍ਰਕਾਸ਼-ਪੁਰਬ, ਜਨਮ ਗੁਰੂ ਹਰਗੋਬਿੰਦ ਜੀ – ਗੁਰੂ-ਕੀ-ਵਡਾਲੀ ਨਗਰ ਵਿਚ
ਹਰਿਗੋਬਿੰਦ ਜੀ ਦਾ ਜਨਮ 5 ਜੁਲਾਈ, 1595 ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ – ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਸ ਨਗਰ ਨੂੰ ਅੱਜਕਲ੍ਹ ‘ਗੁਰੂ-ਕੀ-ਵਡਾਲੀ’ ਕਿਹਾ ਜਾਂਦਾ ਹੈ।
ਗੁਰੂ ਅਰਜੁਨ ਦੇਵ ਜੀ ਨੇ ਆਪਣੇ ਬੇਟੇ ਹਰਿਗੋਬਿੰਦ ਜੀ ਨੂੰ ਬਚਪਨ ਤੋਂ ਹੀ ਗੁਰਮਤਿ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਵਾਉਣਾ ਸ਼ੁਰੂ ਕੀਤਾ। 1603 ਵਿਚ ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਨਾਲ ਆਪ ਜੀ ਨੂੰ ਬਹੁਤ ਲਗਾਵ ਹੋ ਗਿਆ, ਅਤੇ ਜਲਦੀ ਹੀ ਇਸ ਕਲਾ ਵਿੱਚ ਨਿਪੁੰਨ ਵੀ ਹੋ ਗਏ। ਆਪ ਵਿਚ ਸ਼ਸਤਰਾਂ ਅਤੇ ਜੰਗੀ-ਕਲਾ ਦੇ ਪ੍ਰਤੀ ਲਗਨ ਦੇਖ ਕੇ ਬਾਬਾ ਬੁੱਢਾ ਜੀ ਆਪ ਨੂੰ ‘ਮਹਾਂਬਲੀ ਯੋਧਾ’ ਦੇ ਨਾਮ ਨਾਲ ਯਾਦ ਕਰਦੇ ਅਤੇ ਪੁਕਾਰਦੇ ਸਨ।
ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੇ ਇਰਾਦੇ ਨਾਲ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਪਕੜ ਕੇ ਲਿਆਉਣ ਦਾ ਹੁਕਮ ਜਾਰੀ ਕੀਤਾ ਤਾਂ ਗੁਰੂ ਜੀ ਨੇ 11 ਜੂਨ, 1606 ਵਾਲੇ ਦਿਨ ਗੁਰਤਾ-ਗੱਦੀ ਗੁਰੂ ਹਰਿਗੋਬਿੰਦ ਜੀ ਨੂੰ ਸੌਂਪ ਦਿੱਤੀ। ਉਸ ਸਮੇਂ ਆਪ ਦੀ ਉਮਰ ਕੇਵਲ ਗਿਆਰਾਂ ਸਾਲ ਦੀ ਸੀ।
( ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਦਾ ਬਿਰਤਾਂਤ 11 ਜੂਨ ਵਾਲੇ ਇਤਿਹਾਸ ਵਿਚ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਿਰਤਾਂਤ 16 ਜੂਨ ਵਾਲੇ ਇਤਿਹਾਸ ਵਿਚ ਪੜ੍ਹੋ )