ਗਉੜੀ ਮਹਲਾ ੫ ॥
ਓਹੁ ਅਬਿਨਾਸੀ ਰਾਇਆ ॥
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥
…ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਰਾਗ ਗਉੜੀ ਅੰਗ ੨੦੬ (206)
ਉਹ, ਸਾਡਾ ਮਾਲਕ, ਇਕ ਐਸਾ ਮਹਾਨ ਰਾਜਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ । ਜੇਹੜੇ ਲੋਕ ਉਸਦੀ ਸੰਗਤ ਵਿਚ ਟਿਕੇ ਰਹਿੰਦੇ ਹਨ, ਅਰਥਾਤ ਗੁਰਬਾਣੀ ਅਨੁਸਾਰ ਗੁਰਮਤਿ ਵਾਲਾ ਜੀਵਨ ਜਿਉਂਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਵੀ ਕੋਈ ਬਾਹਰੀ ਡਰ-ਖ਼ੌਫ਼ ਨਹੀਂ ਆਉਂਦਾ ।
05 ਜਨਵਰੀ, 1666 : ਪ੍ਰਕਾਸ਼ ਪੁਰਬ – ਗੁਰੂ ਗੋਬਿੰਦ ਸਿੰਘ ਜੀ
5 ਜਨਵਰੀ, 1666 ਨੂੰ, ਪਟਨਾ ਸ਼ਹਿਰ ਵਿਖੇ, ਨੌਵੇਂ ਗੁਰੂ ਤੇਗ਼ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ (ਗੁਰੂ) ਗੋਬਿੰਦ ਸਿੰਘ ਜੀ ਦਾ ਜਨਮ ਹੋਇਆ।
ਬਾਲ ਉਮਰ ’ਚ ਹੀ ਨਿੱਕੀ ਟੋਲੀਆਂ ਬਣਾ ਕੇ ਜੰਗ ਅਭਿਆਸ ਦੀ ਖੇਡਾਂ ਤੋਂ ਪਤਾ ਚਲਦਾ ਸੀ ਕਿ ਉਹ ਜੀਵਨ ’ਚ ਇਕ ਨਿਧੜਕ ਜਰਨੈਲ ਤੇ ਮਹਾਨ ਯੋਧੇ ਬਣਨਗੇ। ਪੰਜ ਸਾਲ ਪਟਨਾ ਰਹਿਣ ਪਿਛੋਂ ਆਪ ਜੀ ਨੂੰ ਅਨੰਦਪੁਰ ਲਿਆਂਦਾ ਗਿਆ। ਗੁਰਮੁਖੀ, ਫ਼ਾਰਸੀ ਤੇ ਅਰਬੀ ਦੇ ਨਾਲ-ਨਾਲ ਆਪ ਨੂੰ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿਤੀ ਗਈ।
ਪਿਤਾ ਗੁਰੂ ਤੇਗ਼ਬਹਾਦਰ ਜੀ, 1675 ਵਿੱਚ, ਜਦੋਂ ਸ਼ਹਾਦਤ ਦੇਣ ਲਈ ਦਿੱਲੀ ਰਵਾਨਾ ਹੋਏ ਤਾਂ ਬਾਲ ਗੋਬਿੰਦ ਰਾਏ ਦੀ ਉਮਰ ਕੇਵਲ 9 ਸਾਲ ਸੀ। ਉਨ੍ਹਾਂ ਦੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਅੰਦਰ ਜਾਗ੍ਰਿਤੀ ਲਿਆਉਣ ਲਈ ਪੂਰਾ ਜੀਵਨ ਲਾਇਆ ਅਤੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ।