ਮਾਝ ਮਹਲਾ ੫ ॥
…
ਹਉਮੈ ਬਾਧਾ ਗੁਰਮੁਖਿ ਛੂਟਾ ॥
ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥
…ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਰਾਗ ਮਾਝ ਅੰਗ ੧੩੧ (131)
ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ ਹਉਮੈ ਦੇ ਕਾਰਨ ਮਾਇਆ ਦੇ ਬੰਧਨਾਂ ਵਿਚ ਬੱਝ ਜਾਂਦਾ ਹੈ । ਜਦਕਿ ਕੋਈ ਗੁਰਮੁਖਿ ਆਪਣੇ ਗੁਰੂ ਦੀ ਸ਼ਰਨ ਪੈ ਕੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ । ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਹੀ ਮਨੁੱਖ ਦਾ ਮਾਨਸਿਕ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ । ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਸਤਿਗੁਰੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ।
5 ਫਰਵਰੀ, 1762 : ਵੱਡਾ ਘੱਲੂਘਾਰਾ – ਕੁੱਪ-ਰੁਹੀੜਾ ਵਿਖੇ, ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ
ਵੱਡਾ ਘੱਲੂਘਾਰਾ 5 ਫਰਵਰੀ, 1762 ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ। ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਟੱਪ ਕੇ ਮਾਲੇਰਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਰੁਹੀੜਾ ਨੇੜੇ ਡੇਰਾ ਲਾਈ ਬੈਠੇ ਸਨ।
ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਾਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ 5 ਫਰਵਰੀ, 1762 ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਹਮਲਾ ਕਰ ਦਿੱਤਾ। ਇਸ ਜੰਗ ਵਿਚ ਇੱਕ ਪਾਸੇ ਅਬਦਾਲੀ ਦੀ 2 ਲੱਖ ਫੌਜ ਸੀ ਪਰ ਦੂਜੇ ਪਾਸੇ ਸਿਰਫ 50 ਹਜ਼ਾਰ ਸਿੱਖ ਸਨ, ਜਿਨ੍ਹਾਂ ‘ਚ 16-18 ਹਜ਼ਾਰ ਔਰਤਾਂ, ਬਾਲ-ਬੱਚੇ ਬਜ਼ੁਰਗ ਸਨ, ਅਤੇ ਕੇਵਲ 10-12 ਹਜ਼ਾਰ ਸਿੱਖ ਫੌਜ ਸੀ। ਇਸ ਦਿਨ ਕਰੀਬ 25-30 ਹਜ਼ਾਰ ਸਿੱਖ ਸ਼ਹੀਦ ਹੋਏ। 10-12 ਹਜ਼ਾਰ ਅਬਦਾਲੀ ਦੀ ਫੌਜ ਦੇ ਵੀ ਮਾਰੇ ਗਏ। ਸਿੱਖਾਂ ਦਾ ਸਾਰਾ ਸਮਾਨ ਵੀ ਲੁੱਟ ਲਿਆ ਗਿਆ।
ਅਬਦਾਲੀ ਨੇ ਸਿੱਖਾਂ ਦਾ ਬਰਨਾਲੇ ਤਕ ਪਿੱਛਾ ਕੀਤਾ ਤੇ ਖਿਲਰੀਆਂ ਲਾਸ਼ਾਂ ਨੂੰ ਇਕੱਠਾ ਕਰਕੇ 60 ਗੱਡਿਆਂ ‘ਤੇ ਲੱਦ ਲੈ ਗਿਆ ਅਤੇ ਲਾਹੌਰ ਦੇ ਦਰਵਾਜ਼ੇ ਦੇ ਮਿਨਾਰਾਂ ਉਪਰ ਟੰਗਵਾਂ ਦਿੱਤੀਆਂ।
.