ਸਲੋਕ ਮਃ ੩ ॥

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਬਿਹਾਗੜਾ  ਅੰਗ ੫੫੨ (552)

ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ । ਉਸਨੂੰ ਸਤਿਗੁਰੂ ਦਾ ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ ਕਰਨ ਵਾਲਾ ਸੱਚ ਉਸਦੇ ਮਨ ਵਿਚ ਆ ਵੱਸਦਾ ਹੈ । ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਅਤੇ ਹਉਮੈ, ਮਮਤਾ ਆਦਿਕ ਦੂਰ ਹੋ ਜਾਂਦੇ ਹਨ । ਸਤਿਗੁਰੂ ਦੀ ਹਜ਼ੂਰੀ ਵਿਚ ਵੱਡਾ ਰੁਤਬਾ ਮਿਲਦਾ ਹੈ, ਕਿਉਂਕਿ ਮਨੁੱਖ ਕੁਦਰਤਿ ਦੇ ਸੱਚ ਸਿਧਾਂਤ ਵਿਚ ਸਮਾਇਆ ਰਹਿੰਦਾ ਹੈ ।

ਪਰ ਸਤਿਗੁਰੂ ਦਾ ਲੱਭਣਾ ਕੋਈ ਸੁਖੱਲੀ ਗੱਲ ਨਹੀਂ, ਕਿਉਂਕਿ ਮੁੱਢ ਤੋਂ ਕੀਤੇ ਹੋਏ ਚੰਗੇ ਕੰਮਾਂ ਅਨੁਸਾਰ, ਜਿਨ੍ਹਾਂ ਦੇ ਹਿਰਦੇ ਵਿਚ ਚੰਗੇ ਸੰਸਕਾਰ ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ ।


5 ਅਗਸਤ, 1992 : ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦਾ ਅਕਾਲ ਚਲਾਣਾ

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ, ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਲੇ, ਭਗਤ ਪੂਰਨ ਸਿੰਘ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ। ਉਹਨ੍ਹਾਂ ਨੇ ਆਪਣਾ ਅਖ਼ੀਰਲਾ ਸਮਾਂ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਵੀ ਪ੍ਰੇਰਦਿਆਂ ਬਤੀਤ ਕੀਤਾ।

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ

ਭਗਤ ਜੀ ਨੇ, 1947 ਵਿਚ ਦੇਸ਼ ਦੀ ਵੰਡ ਸਮੇਂ ਹੋਈ, ਮਜ਼ਹਬੀ-ਨਫ਼ਰਤ ਅਤੇ ਕਤਲੋ-ਗਾਰਤ ਆਪਣੀ ਅੱਖੀਂ ਵੇਖੀ। ਸਭ ਪਾਸਿਓਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਜੀ ਵੀ ਸ਼ਰਨਾਰਥੀਆਂ ਦੇ ਨਾਲ ਹੀ ਲਾਹੌਰ ਤੋਂ ਅੰਮ੍ਰਿਤਸਰ ਆ ਗਏ।

ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ. ਟੀ. ਰੋਡ ’ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾ।

ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਕੁਦਰਤਿ ਦੀ ਸੰਭਾਲ ਕਰੇ, ਦਰਖ਼ਤ ਲਾਏ, ਪਾਣੀ ਦੇ ਸਰੋਤਾਂ ਦੀ ਸੰਭਾਲ ਕਰੇ, ਅਪਾਹਜਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰੇ।