ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥
 ਭਗਤ ਫਰੀਦ ਜੀ
 ਸਲੋਕ  ਅੰਗ ੧੩੭੯ (1379)

ਭਗਤ ਫਰੀਦ ਜੀ ਆਖਦੇ ਹਨ ਕਿ ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਮਿਠਾਸ ਦੀ ਤੁਲਨਾ ਵਿਚ ਇਹ ਚੀਜ਼ਾਂ ਤੇਰੇ ਨਾਮ ਦੀ ਮਿਠਾਸ ਤਕ ਨਹੀਂ ਅੱਪੜ ਸਕਦੀਆਂ ।


5 ਅਪ੍ਰੈਲ, 1173 : ਜਨਮ ਭਗਤ ਸ਼ੇਖ ਫਰੀਦ ਜੀ

ਸ਼ੇਖ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਨੂੰ, ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਗ੍ਰਹਿ ਵਿਖੇ, ਮਾਤਾ ਮਰੀਅਮ ਦੀ ਕੁੱਖ ਤੋਂ, ਪਿੰਡ ਖੋਤਵਾਲ ਜਿਲ੍ਹਾ ਮੁਲਤਾਨ, ਪਾਕਿਸਤਾਨ ‘ਚ ਹੋਇਆ।

ਆਪ ਜੀ ਦੇ ਬਚਪਨ ‘ਚ ਹੀ, ਆਪ ਜੀ ਦੇ ਪਿਤਾ ਜੀ ਦਾ ਸਾਇਆ, ਆਪ ਜੀ ਦੇ ਸਿਰ ਤੋਂ ਉੱਠ ਗਿਆ ਸੀ। ਆਪ ਜੀ ਦੇ ਮਾਤਾ ਜੀ, ਜਿੱਥੇ ਆਪ ਬੰਦਗੀ ਵਿੱਚ ਜੁੜੇ ਰਹਿੰਦੇ ਸਨ, ਉਥੇ ਉਹਨਾਂ ਦੇ ਮਨ ‘ਚ ਹਰ ਸਮੇਂ ਇਹੀ ਇੱਛਾ ਬਣੀ ਰਹਿੰਦੀ ਸੀ ਕਿ ਮੇਰਾ ਪੁੱਤਰ ਵੀ ਬੰਦਗੀ ਵਿੱਚ ਜੁੜਿਆ ਰਿਹਾ ਕਰੇ।

ਸ਼ੇਖ ਫਰੀਦ ਜੀ ਨੂੰ ਬਚਪਨ ਵਿੱਚ ਸ਼ੱਕਰ ਤੇ ਗੁੜ ਬਹੁਤ ਸਵਾਦ ਲੱਗਦੇ ਸਨ ਸੋ ਇਹਨਾਂ ਦੇ ਮਿੱਠੀਆਂ ਚੀਜ਼ਾਂ ਦੇ ਰਾਂਹੀ ਮਾਤਾ ਜੀ ਨੇ, ਬਾਲ ਫਰੀਦ ਜੀ ਨੂੰ ਭਜਨ ਬੰਦਗੀ ਤੇ ਇਬਾਦਤ ਦੀ ਚੇਟਕ ਲਾਈ।

ਪਾਕ ਪਟਨ (ਹੁਣ ਪਾਕਿਸਤਾਨ) ਪਹੁੰਚ ਕੇ, ਸ਼ੇਖ ਫਰੀਦ ਜੀ ਨੇ ਪਾਕ ਪਟਨ ਨੂੰ ਪ੍ਰਚਾਰ ਦਾ ਕੇਂਦਰ ਬਣਾ ਲਿਆ। ਗੁਰੂ ਨਾਨਕ ਦੇਵ ਜੀ ਜਦੋਂ ਪ੍ਰਚਾਰ ਯਾਤਰਾ (ਉਦਾਸੀ) ਦੌਰਾਨ ਪਾਕ ਪਟਨ ਗਏ ਤਾਂ ਆਪ ਜੀ ਨੇ ਸ਼ੇਖ ਫਰੀਦ ਜੀ ਦੀ ਬਾਣੀ, ਉਹਨਾਂ ਦੀ ਗੱਦੀ ਤੇ ਬਿਰਾਜਮਾਨ ਸ਼ੇਖ ਬ੍ਰਹਮ ਜੀ ਪਾਸੋਂ ਪ੍ਰਾਪਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ਨੂੰ ਸੰਭਾਲ ਲਿਆ, ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ਼ ਕੀਤਾ।

ਲਗਭਗ 93 ਸਾਲਾਂ ਦੀ ਦੁਨੀਆਵੀ ਉਮਰ ਭੋਗ ਕੇ, ਸ਼ੇਖ ਫਰੀਦ ਜੀ ਸੰਨ 1266 ਵਿੱਚ ਅਯੋਧਨ, ਪਾਕ ਪਟਨ ਵਿਖੇ ਆਕਾਲ ਚਲਾਣਾ ਕਰ ਗਏ।