ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੨ (1372)

ਇਸ ਸਲੋਕ ਵਿਚ ਭਗਤ ਕਬੀਰ ਜੀ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਗੁਰੂ ਦੇ ਸਿੱਖਾਂ ਵਿਚ (ਅਤੇ ਸਿੱਖ ਸਮਾਜ ਵਿਚ) ਹੀ ਕੋਈ ਗੁਰਮਤਿ ਵਿਰੋਧੀ ਉਕਾਈ/ਕਮੀਂ ਹੋਵੇਗੀ, ਤਾਂ ਸੱਚੇ ਸਤਿਗੁਰੂ ਦਾ ਗਿਆਨ ਵੀ ਉਨ੍ਹਾਂ ਦਾ ਕੁਝ ਸੰਵਾਰ ਨਹੀਂ ਸਕਦਾ ।

ਜਿਵੇਂ ਬਾਂਸ ਵਿੱਚ ਫੂਕ ਮਾਰਨ ਨਾਲ ਉਸ ਵਿਚੋਂ ਬਾਂਸੁਰੀ ਵਾਂਗ ਮਿੱਠੀ ਸੁਰਾਂ ਨਹੀਂ ਨਿਕਲਦੀਆਂ, ਤਿਵੇਂ ਹੀ ਜੋ ਲੋਕ ਮੂਰਖਤਾ ਵਿਚ ਅੰਨ੍ਹਾ ਹੋਏ ਰਹਿਣ ਤਾਂ ਗੁਰੂ ਦੇ ਗਿਆਨ ਵਾਲੀ ਵੀਚਾਰ ਦੀ ਸਿੱਖਿਆ ਉਹਨਾਂ ਨੂੰ ਪੋਹ ਨਹੀਂ ਸਕਦੀ ।


04 ਸਤੰਬਰ, 1926 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ

ਅੰਗਰੇਜ਼ ਸਰਕਾਰ ਦੁਆਰਾ 1925 ਵਿਚ ਬਣਾਏ ਗੁਰਦੁਆਰਾ ਐਕਟ ਅਧੀਨ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਸੱਦੇ ਤੇ ‘ਗੁਰਦੁਆਰਾ ਸੈਂਟਰਲ ਬੋਰਡ’ ਦੀ ਪਹਿਲੀ ਮੀਟਿੰਗ 4 ਸਿਤੰਬਰ, 1926 ਨੂੰ ਟਾਊਨ ਹਾਲ ‘ਚ ਹੋਈ।

ਇਸ ਮੀਟਿੰਗ ‘ਚ 120 ਮੈਂਬਰ ਹਾਜ਼ਰ ਸਨ। ਨਾਭਾ, ਪਟਿਆਲਾ, ਫ਼ਰੀਦਕੋਟ, ਕਪੂਰਥਲਾ, ਕਲਸੀਆਂ ਤੇ ਜੀਂਦ ਰਿਆਸਤਾਂ ਵੱਲੋਂ 12 ਮੈਂਬਰ ਅਤੇ ਦਰਬਾਰ ਸਾਹਿਬ, ਅਕਾਲ ਤਖ਼ਤ, ਕੇਸਗੜ੍ਹ ਤੇ ਪਟਨਾ ਸਾਹਿਬ ਦੇ ਜਥੇਦਾਰ ਵੀ ਸ਼ਾਮਲ ਹੋਏ। ਇਸ ਤਰ੍ਹਾਂ ਕੁੱਲ ਮੈਂਬਰਾਂ ਦੀ ਗਿਣਤੀ 136 ਹੋ ਗਏ। ਅਖ਼ਬਾਰ ‘ਅਕਾਲੀ’ ਦੇ ਸੰਪਾਦਕ ਸ. ਮੰਗਲ ਸਿੰਘ ਨੂੰ ਚੇਅਰਮੈਨ ਚੁਣਿਆ ਗਿਆ। ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ 14 ਹੋਰ ਮੈਂਬਰ ਵੀ ਨਾਮਜ਼ਦ ਕੀਤੇ ਗਏ। ਇਸ ਤਰ੍ਹਾਂ ਸੈਂਟਰਲ ਗੁਰਦੁਆਰਾ ਬੋਰਡ ਦੇ ਮੈਂਬਰਾਂ ਦੀ ਗਿਣਤੀ 150 ਹੋ ਗਈ।

ਉਪਰੰਤ ਬਾਬਾ ਖੜਕ ਸਿੰਘ ਸਿਆਲਕੋਟ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਮੀਤ ਪ੍ਰਧਾਨ ਚੁਣੇ ਗਏ। ਸਰਕਾਰ ਵੱਲੋਂ ਗੁਰਦੁਆਰਾ ਐਕਟ ਵਿਚ ਨਾਮ ‘ਗੁਰਦੁਆਰਾ ਸੈਂਟਰਲ ਬੋਰਡ’ ਰੱਖਿਆ ਗਿਆ ਸੀ, ਪਰ ਪਹਿਲੀ ਮੀਟਿੰਗ ‘ਚ ਹੀ ਇਸ ਦਾ ਨਾਂ ਬਦਲ ਕੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (SGPC) ਰੱਖ ਦਿੱਤਾ ਗਿਆ।