ਸਾਰਗ ਮਹਲਾ ੫ ॥

ਪੋਥੀ ਪਰਮੇਸਰ ਕਾ ਥਾਨੁ ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਸਾਰੰਗ ਰਾਗ  ਅੰਗ ੧੨੨੬ (1226)

ਗੁਰਬਾਣੀ ਹੀ ਸੱਚੇ ਮਾਲਕ (ਪਰਮਾਤਮਾ) ਦੇ ਮਿਲਾਪ ਦੀ ਥਾਂ ਹੈ । ਜਿਹੜੇ ਮਨੁੱਖ ਗਿਆਨ ਗੁਰੂ ਦੀ ਸੰਗਤਿ ਵਿਚ ਰਹਿ ਕੇ ਗੁਣ ਗਾਂਦੇ – ਗੁਰਮਤਿ ਵਿਚਾਰਾਂ ਕਰਦੇ ਰਹਿੰਦੇ ਹਨ, ਉਹ ਹੀ ਉਸ ਸਰਬ-ਵਿਆਪਕ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।

ਭਾਵ : ਇਹ ਪੋਥੀ ਆਪਣੀ ਬੁੱਧੀ, ਆਪਣੀ ਸਮਝ-ਬੂਝ ਹੈ, ਜਿੱਥੇ ਸਭ ਗਿਆਨ ਸੰਭਾਲਿਆ ਜਾਂਦਾ ਹੈ । ਸਹੀ ਸਮੇਂ ਤੇ ਇਸ ਗਿਆਨ ਨੂੰ ਕੱਢ ਕੇ ਵਰਤਣ ਦੀ ਜੁਗਤ ਤੁਸੀ ਆਪ ਕਮਾਉਣੀ ਹੈ ।


04 ਅਕਤੂਬਰ, 1745 : ਖਾਲਸਾ ਪੰਥ ਦੇ 25 ਜੱਥੇ ਕਾਇਮ ਕਰਨ ਦਾ ਗੁਰਮਤਾ

ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਹੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਉਤੇ ਪੂਰੀ ਤਰ੍ਹਾਂ ਪੁਜਾਰੀ ਵਰਗ ਦਾ ਕਬਜ਼ਾ ਰਿਹਾ ਹੈ। ਪਰ ਦਿਵਾਲੀ ਤੇ ਵਿਸਾਖੀ ਨੂੰ ਇਥੇ ਸਰਬੱਤ ਖਾਲਸਾ ਦੀਵਾਨ ਸੱਜਦੇ ਅਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ਤੇ ਫੈਸਲੈ ਲਏ ਜਾਂਦੇ।

4 ਅਕਤੂਬਰ, 1745 ਨੂੰ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ। ਇਹ ਜੱਥੇ ਆਪੋ ਆਪਣੇ ਇਲਾਕਿਆਂ ਵਿੱਚ ਕਾਰਜ ਕਰਨ ਲਈ ਜਤਨਸ਼ੀਲ ਹੋ ਗਏ।

ਲੱਗਭਗ ਢਾਈ-ਕੁ ਸਾਲ ਬਾਅਦ, ਸਿੱਖ ਪੰਥ ਵੱਲੋਂ 19 ਮਾਰਚ, 1748 ਦੀ ਵਿਸਾਖੀ ਵਾਲੇ ਦਿਨ, ਗੁਰਮਤਾ ਕਰ ਕੇ ਇਹਨਾਂ ਛੋਟੇ-ਛੋਟੇ ਜੱਥਿਆਂ ਨੂੰ ਹੀ ਰਲ੍ਹਾ ਕੇ 11 ਮਿਸਲਾਂ ਬਣਾਉਣ ਦਾ ਫੈਸਲਾ ਕੀਤਾ ਗਿਆ।


04 ਅਕਤੂਬਰ, 2012 : ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ

ਗੁਰਦੁਆਰਾ ਪੰਜਾ ਸਾਹਿਬ ਦੀ ਇਤਿਹਾਸਕ ਮਹੱਤਤਾ ਪ੍ਰਤੀ ਸਿੱਖ ਕੌਮ ਦੀ ਭਾਵਨਾਵਾਂ ਨੂੰ ਪ੍ਰਵਾਨ ਕਰਦੇ ਹੋਏ 4 ਅਕਤੂਬਰ, 2012 ਨੂੰ ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ।