ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
ਨਉ ਨਿਧਿ ਤੇਰੈ ਅਖੁਟ ਭੰਡਾਰਾ ॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਮਾਝ ਅੰਗ ੯੭ (97)
ਹੇ ਸਤਿਗੁਰੂ ਦਾਤਾਰ ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ ਤੇ ਸਭ ਨੂੰ ਹੀ ਗਿਆਨ ਦੀਆਂ ਦਾਤਾਂ ਬਖ਼ਸ਼ਦਾ ਹੈਂ । ਤੇਰੇ ਘਰ ਵਿਚ ਜਗਤ ਦੇ ਸਾਰੇ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ । ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈਂ, ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ । ਸੰਸਾਰਿਕ ਮੋਹ-ਮਾਇਆ ਤੋਂ ਉੱਪਰ ਉੱਠ ਕੇ ਗੁਰਮਤਿ ਅਪਨਾ ਕੇ ਉਹ ਤੇਰਾ ਭਗਤ ਅਖਵਾਉਂਦਾ ਹੈ ।
4 ਨਵੰਬਰ, 1763 : ਸਿਆਲਕੋਟ ਦੀ ਲੜਾਈ – ਸਿੱਖਾਂ ਤੇ ਅਫ਼ਗ਼ਾਨ ਧਾੜਵੀ ਜਰਨੈਲ ਜਹਾਨ ਖ਼ਾਨ ਵਿਚਕਾਰ
4 ਨਵੰਬਰ, 1763 ਦੇ ਦਿਨ ਸਿੱਖ ਗੁਰੂ-ਦਾ-ਚੱਕ ਵਿੱਚ ਇਕੱਠੇ ਹੋਏ-ਹੋਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਅਫ਼ਗ਼ਾਨ ਧਾੜਵੀ ਅਹਿਮਦ ਸ਼ਾਹ ਦੁੱਰਾਨੀ ਦਾ ਜਰਨੈਲ ਜਹਾਨ ਖ਼ਾਨ ਕਾਬਲ ਵਲ ਜਾ ਰਿਹਾ ਹੈ। ਸਿੱਖ ਫ਼ੌਜਾਂ ਨੇ ਉਸ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ।
ਉਹ ਅਜੇ ਝਨਾਂ ਦਰਿਆ ਪਾਰ ਕਰ ਕੇ ਵਜ਼ੀਰਾਬਾਦ ਪੁੱਜਾ ਸੀ ਕਿ ਸਿੱਖ ਉਥੇ ਆ ਪਹੁੰਚੇ। ਉਸ ਨੇ ਭੱਜ ਕੇ ਸਿਆਲਕੋਟ ਕਿਲ੍ਹੇ ਵਿੱਚ ਮੋਰਚਾ ਲਾ ਲਿਆ। ਸਿੱਖ ਫ਼ੌਜਾਂ ਨੇ ਕਿਲ੍ਹੇ ਨੂੰ ਘੇਰ ਲਿਆ। ਕਈ ਦਿਨ ਤਕ ਲੜਾਈ ਹੁੰਦੀ ਰਹੀ।
ਇੱਕ ਮੌਕੇ ‘ਤੇ ਜਹਾਨ ਖ਼ਾਨ ਦੇ ਘੋੜੇ ਨੂੰ ਗੋਲੀ ਲੱਗੀ ਤੇ ਡਿੱਗ ਪਿਆ। ਘੋੜੇ ਨਾਲ ਜਹਾਨ ਖ਼ਾਨ ਵੀ ਡਿੱਗ ਪਿਆ। ਸੱਭ ਨੇ ਸਮਝਿਆ ਕਿ ਜਹਾਨ ਖ਼ਾਨ ਵੀ ਮਰ ਗਿਆ ਹੈ। ਜਦੋਂ ਜਹਾਨ ਖ਼ਾਨ ਦੇ ਮਰਨ ਦਾ ਰੌਲਾ ਪਿਆ ਤਾਂ ਅਫ਼ਗ਼ਾਨ ਫ਼ੌਜੀ ਮੈਦਾਨ ਛੱਡ ਕੇ ਭੱਜਣ ਲਗ ਪਏ। ਇਨ੍ਹਾਂ ਭੱਜਣ ਵਾਲਿਆਂ ਵਿੱਚ ਜ਼ਖ਼ਮੀ ਜਹਾਨ ਖ਼ਾਨ ਵੀ ਸੀ।
04 ਨਵੰਬਰ, 1984 : ਸਿੱਖਾਂ ਦੇ ਕਤਲੇਆਮ ਦਾ ਪੰਜਵਾਂ ਦਿਨ
ਜੂਨ ਚੁਰਾਸੀ ਵਿਚ ਵਾਪਰੇ ਸਾਕੇ ਦੇ ਨਤੀਜੇ ਵੱਜੋਂ ਜਦੋਂ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਇਹ ਸਿੱਖ ਸਮਾਜ ਲਈ ਭਾਰੀ ਤਬਾਹੀ ਲੈ ਕੇ ਆਇਆ । 31 ਅਕਤੂਬਰ, 1984 ਨੂੰ, ਸਮੁੱਚੇ ਭਾਰਤ ਵਿੱਚ ਸ਼ੁਰੂ ਹੋਏ ਸਿੱਖਾਂ ਦੇ ਕਤਲੇਆਮ 4 ਨਵੰਬਰ, 1984 ਨੂੰ ਪੰਜਵੇਂ ਦਿਨ ਵੀ ਚੱਲਦੇ ਰਹੇ।
4 ਨਵੰਬਰ ਦੀ ਸ਼ਾਮ ਨੂੰ ਦਿੱਲੀ ਵਿੱਚ, ਅਰਧ-ਸੁਰੱਖਿਆ ਫੋਰਸ ਮਿਲਟਰੀ ਨੇ, ਸ਼ਹਿਰ ਭਰ ਵਿਚ ਪੈਟਰੋਲਿੰਗ ਸ਼ੁਰੂ ਕਰ ਦਿੱਤੀ ਜਿਸ ਕਾਰਨ ਧਾੜਵੀਆਂ ਦੀ ਗੁੰਡਾਗਰਦੀ ਕੁੱਝ ਘੱਟ ਗਈ।