ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥ ੧॥
ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
ਭਗਤ ਕਬੀਰ ਜੀ
ਅੰਗ, ੪੮੩(483)
ਜਦੋਂ (ਜੀਵ-) ਹੀਰਾ ਪਰਮਾਤਮਾ ਦੇ ਹੀਰੇ ਨੂੰ ਵਿੰਨ੍ਹ ਲੈਂਦਾ ਹੈ ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।
ਇਹ ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ- ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ।
4 ਮਈ 1799 :-ਟੀਪੂ ਸੁਲਤਾਨ ਦੀ ਸ਼ਹਾਦਤ।
ਟੀਪੂ ਸੁਲਤਾਨ ਦਾ ਜਨਮ 20 ਨਵੰਬਰ 1750 ਨੂੰ ਕਰਨਾਟਕ ਦੇ ਦੇਵਨਹੱਲੀ ਵਿੱਚ ਹੋਇਆ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਫ਼ੌਜੀ ਵਿਦਿਆ, ਘੋੜਸਵਾਰੀ ਅਤੇ ਰਣਨੀਤੀ ਵਿੱਚ ਮੁਹਾਰਤ ਹਾਸਲ ਕਰ ਲਈ ਸੀ। 1782 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਮੈਸੂਰ ਦੇ ਸ਼ਾਸਕ ਬਣੇ।
ਟੀਪੂ ਸੁਲਤਾਨ ਨੂੰ ਦੁਨੀਆ ਦਾ ਪਹਿਲਾ ਅਜਿਹਾ ਸ਼ਾਸਕ ਮੰਨਿਆ ਜਾਂਦਾ ਹੈ ਜਿਸਨੇ ਜੰਗ ਵਿੱਚ ਲੋਹੇ ਦੇ ਕੇਸ ਵਾਲੇ ਰਾਕਟਾਂ ਦੀ ਵਰਤੋਂ ਕੀਤੀ। ਇਨ੍ਹਾਂ ਰਾਕਟਾਂ ਨੇ ਅੰਗਰੇਜ਼ੀ ਫ਼ੌਜ ਵਿੱਚ ਭਾਰੀ ਤਬਾਹੀ ਮਚਾਈ ਸੀ। ਅੱਜ ਵੀ ਇਨ੍ਹਾਂ ਰਾਕਟਾਂ ਦੇ ਨਮੂਨੇ ਲੰਡਨ ਦੇ ਸਾਇੰਸ ਮਿਊਜ਼ੀਅਮ ਵਿੱਚ ਰੱਖੇ ਹੋਏ ਹਨ।
ਟੀਪੂ ਸੁਲਤਾਨ ਨੇ ਆਪਣੇ ਜੀਵਨ ਵਿੱਚ ਅੰਗਰੇਜ਼ਾਂ ਵਿਰੁੱਧ ਚਾਰ ਮੁੱਖ ਜੰਗਾਂ ਲੜੀਆਂ:
ਦੂਜੀ ਜੰਗ (1780-84): ਇਸ ਵਿੱਚ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ਅਤੇ ਮੰਗਲੌਰ ਦੀ ਸੰਧੀ ਲਈ ਮਜਬੂਰ ਕੀਤਾ।
ਤੀਜੀ ਜੰਗ (1790-92): ਇਸ ਜੰਗ ਵਿੱਚ ਅੰਗਰੇਜ਼ਾਂ, ਨਿਜ਼ਾਮ ਅਤੇ ਮਰਾਠਿਆਂ ਨੇ ਮਿਲ ਕੇ ਟੀਪੂ ‘ਤੇ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਅੱਧਾ ਰਾਜ ਗੁਆਉਣਾ ਪਿਆ।
ਚੌਥੀ ਜੰਗ (1799): ਇਹ ਉਨ੍ਹਾਂ ਦੀ ਆਖਰੀ ਜੰਗ ਸੀ। ਅੰਗਰੇਜ਼ਾਂ ਨੇ ਸ੍ਰੀਰੰਗਪਟਨਾ ਦੇ ਕਿਲ੍ਹੇ ਦਾ ਘੇਰਾ ਪਾਇਆ।
ਟੀਪੂ ਸੁਲਤਾਨ ਦੀ ਮੌਤ ਚੌਥੀ ਐਂਗਲੋ ਮੈਸੂਰ ਜੰਗ ਦੇ ਦੌਰਾਨ ਹੋਈ। ਅੰਗਰੇਜ਼ੀ ਫੌਜਾਂ ਨੇ ਜਨਰਲ ਜਾਰਜ ਹੈਰਿਸ ਦੀ ਅਗਵਾਈ ਵਿੱਚ ਸ੍ਰੀਰੰਗਪਟਨਾ ਦੇ ਕਿਲ੍ਹੇ ਨੂੰ ਘੇਰ ਲਿਆ ਸੀ। 4 ਮਈ 1799 ਨੂੰ ਜਦੋਂ ਅੰਗਰੇਜ਼ਾਂ ਨੇ ਕਿਲ੍ਹੇ ਦੀ ਦੀਵਾਰ ਤੋੜੀ, ਤਾਂ ਟੀਪੂ ਸੁਲਤਾਨ ਆਪਣੇ ਸੈਨਿਕਾਂ ਨਾਲ ਬਹਾਦਰੀ ਨਾਲ ਲੜੇ। ਉਹ ਕਿਲ੍ਹੇ ਦੇ ਉੱਤਰੀ ਦਰਵਾਜ਼ੇ (ਵਾਟਰ ਗੇਟ) ਦੇ ਕੋਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਅੰਗਰੇਜ਼ਾਂ ਨੂੰ ਉਨ੍ਹਾਂ ਦੀ ਦੇਹ ਲਾਸ਼ਾਂ ਦੇ ਢੇਰ ਹੇਠੋਂ ਮਿਲੀ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।